ਦਿੱਲੀ ਵਿੱਚ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਮੌਸਮ ਵਿਭਾਗ ਨੇ ਨੇ ਦਿੱਲੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਤੇ ਖੁਸ਼ਕ ਰਹਿਣ ਨਾਲ ਤੇਜ਼ ਗਰਮੀ ਪੈਣ ਦੀ ਭਵਿੱਖਵਾਣੀ ਕੀਤੀ ਹੈ। ਤਾਜ਼ਾ ਮੌਸਮ ਅਪਡੇਟ ਅਨੁਸਾਰ ਸਫਦਰਜੰਗ ਸਥਿਤ ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ ਨੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਕਿ ਸਾਲ ਦੇ ਇਸ ਸਮੇਂ ਲਈ ਆਮ ਹੈ। ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ। ਮੌਸਮ ਵਿਭਾਗ ਨੇ ਘੱਟੋ-ਘੱਟ ਇੱਕ ਹਫ਼ਤੇ ਤੱਕ ‘ਹੀਟਵੇਵ’ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਹੈ। ਹਾਲਾਂਕਿ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਹੀਟਵੇਵ ਵਰਗੀ ਸਥਿਤੀ ਮਹਿਸੂਸ ਕੀਤੀ ਜਾ ਸਕਦੀ ਹੈ। ਆਈਐੱਮਡੀ ਨੇ ਪਿਛਲੇ ਮਹੀਨੇ ਉੱਤਰ-ਪੱਛਮੀ ਭਾਰਤ ਲਈ ਆਮ ਤੋਂ ਘੱਟ ਮੌਨਸੂਨ ਦੀ ਭਵਿੱਖਬਾਣੀ ਕੀਤੀ ਸੀ। ਇਸ ਦਾ ਮਤਲਬ ਹੈ ਕਿ ਦਿਨ ਗਰਮ ਅਤੇ ਖੁਸ਼ਕ ਰਹਿਣਗੇ। ਮੌਨਸੂਨ ਵਿੱਚ ਪਹਿਲਾਂ 4 ਦਿਨਾਂ ਦੀ ਦੇਰੀ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅਰਬ ਸਾਗਰ ਚੱਕਰਵਾਤ ਕਾਰਨ ਮੌਨਸੂਨ ਹੋਰ ਦੇਰੀ ਨਾਲ ਆਇਆ। ਮੌਨਸੂਨ ਹਵਾਵਾਂ ਆਮ ਤੌਰ ‘ਤੇ 27 ਜੂਨ ਦੇ ਆਸਪਾਸ ਦਿੱਲੀ ਪਹੁੰਚਦੀਆਂ ਹਨ।