ਔਨਲਾਈਨ ਸ਼ੋਸ਼ਣ ਤੇ ਟ੍ਰੋਲਿੰਗ ਵਿਰੁੱਧ ਕਾਰਵਾਈ ਮੰਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਸੀਪੀਆਈ (ਐੱਮਐੱਲ) ਦੇ ਸੰਸਦ ਮੈਂਬਰ ਰਾਜਾ ਰਾਮ ਸਿੰਘ ਨੇ ਕੇਂਦਰੀ ਸੂਚਨਾ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਪੱਤਰ ਭੇਜਿਆ ਅਤੇ ਸ਼ਾਂਤੀ, ਹਮਦਰਦੀ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੇ ਹੱਕ ਵਿੱਚ ਬੋਲਣ ਵਾਲੀਆਂ ਔਰਤਾਂ ਦੇ ਔਨਲਾਈਨ ਸ਼ੋਸ਼ਣ ਅਤੇ ਟ੍ਰੋਲਿੰਗ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਆਪਣੇ ਪਤੀ ਨੂੰ ਗੁਆਉਣ ਵਾਲੀ ਹਿਮਾਂਸ਼ੀ ਨਰਵਾਲ ਅਤੇ ਨੈਨੀਤਾਲ ਵਿੱਚ ਨਫ਼ਰਤ ਫੈਲਾਉਣ ਵਾਲੀ ਭੀੜ ਦੇ ਖਿਲਾਫ ਹਿੰਮਤ ਨਾਲ ਖੜ੍ਹੀ ਹੋਣ ਵਾਲੀ ਸ਼ੈਲਾ ਨੇਗੀ ਨੂੰ ਸੋਸ਼ਲ ਮੀਡੀਆ ‘ਤੇ ਜ਼ਹਿਰੀਲੇ ਪ੍ਰਚਾਰ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਹੈ। ਇਸ ਬਹੁਤ ਹੀ ਦਰਦਨਾਕ ਨਿੱਜੀ ਦੁੱਖ ਅਤੇ ਨੁਕਸਾਨ ਦੇ ਪਲ ਵਿੱਚ, ਹਿਮਾਂਸ਼ੀ ਨਰਵਾਲ ਨੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖ ਕੇ ਨਿਆਂ ਦੀ ਅਪੀਲ ਕੀਤੀ ਹੈ। ਕਾਮਰੇਡ ਰਾਜਾ ਰਾਮ ਸਿੰਘ ਨੇ ਕਿਹਾ ਕਿ ਇਹ ਦੇਸ਼ ਵਿਆਪੀ ਚਿੰਤਾ ਦਾ ਵਿਸ਼ਾ ਹੈ ਕਿ ਨਫ਼ਰਤ ਫੈਲਾਉਣ ਵਾਲਿਆਂ ਦੇ ਵਿਰੁੱਧ ਅਤੇ ਨਿਆਂ ਅਤੇ ਸਦਭਾਵਨਾ ਦੇ ਹੱਕ ਵਿੱਚ ਖੜ੍ਹੇ ਹੋਣ ਵਾਲੇ ਨਾਗਰਿਕਾਂ ਨੂੰ ਔਨਲਾਈਨ ਧਮਕੀਆਂ ਅਤੇ ਡਿਜੀਟਲ ਮੌਬ ਲਿੰਚਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਔਨਲਾਈਨ ਸੁਰੱਖਿਆ ਵਿਧੀਆਂ ਦੀ ਪੂਰੀ ਤਰ੍ਹਾਂ ਅਸਫਲਤਾ ਹੈ ਨਾਲ ਹੀ ਸਾਡੇ ਸੰਵਿਧਾਨਕ ਮੁੱਲਾਂ ਨਾਲ ਵਿਸ਼ਵਾਸਘਾਤ ਹੈ।
ਕਾਮਰੇਡ ਰਾਜਾ ਰਾਮ ਸਿੰਘ ਨੇ ਕੇਂਦਰੀ ਮੰਤਰੀ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਨਫ਼ਰਤ ਅਤੇ ਪ੍ਰੇਸ਼ਾਨੀ ਮੁਹਿੰਮਾਂ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਸਮਝਦਾਰ ਔਰਤਾਂ ਨੂੰ ਪੂਰਾ ਸਮਰਥਨ ਅਤੇ ਸੁਰੱਖਿਆ ਦਿੱਤੀ ਜਾਵੇ ਜੋ ਫਿਰਕੂ ਨਫ਼ਰਤ ਅਤੇ ਫੁੱਟ ਪਾਊ ਜਨੂੰਨ ਭੜਕਾਉਣ ਵਾਲਿਆਂ ਵਿਰੁੱਧ ਹਿੰਮਤ ਨਾਲ ਅੱਗੇ ਆਉਂਦੀਆਂ ਹਨ।