ਪੂਰੀ ਦੁਨੀਆ ’ਚ ਵਸਦੇ ਸਿੱਖਾਂ ਨਾਲ ਰਾਬਤੇ ਲਈ ਆਧੁਨਿਕ ਸੰਚਾਰ ਸਾਧਨਾਂ ਦਾ ਸਹਾਰਾ ਲਵਾਂਗੇ: ਗਿਆਨੀ ਕੁਲਦੀਪ ਸਿੰਘ ਗੜਗੱਜ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਅਪਰੈਲ
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੂਰੀ ਦੁਨੀਆ ’ਚ ਵੱਸਦੇ ਸਿੱਖ ਭਾਈਚਾਰੇ ਨਾਲ ਸਾਂਝ ਪਾਉਣ ਲਈ ਆਧੁਨਿਕ ਸੰਚਾਰ ਸਾਧਨਾਂ ਦਾ ਸਹਾਰਾ ਲਿਆ ਜਾਵੇਗਾ ਤਾਂ ਜੋ ਸਮੁੱਚੀ ਕੌਮ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਸ੍ਰੀ ਅਕਾਲ ਤਖ਼ਤ ਦੇ ਕਲਾਵੇ ਵਿੱਚ ਲਿਆ ਜਾ ਸਕੇ। ਉਨ੍ਹਾਂ ਨੇ ਇਹ ਖੁਲਾਸਾ ਅੱਜ ਇੱਥੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕੀਤਾ।
ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਸਮੁੱਚੇ ਪੰਥ ਨੂੰ ਇੱਕਜੁੱਟ ਕਰਨ ਸਬੰਧੀ ਕਦਮਾਂ ਬਾਰੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਨੇ ਆਖਿਆ, ‘‘ਅਸੀਂ ਵਿਸ਼ਵ ਵਿੱਚ ਵਸਦੇ ਸਿੱਖ ਭਾਈਚਾਰੇ ਨਾਲ ਸਾਂਝ ਪਾਉਣ ਵਾਸਤੇ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਕਰਾਂਗੇ। ਹਰ ਮੁਲਕ ਵਿੱਚ ਜਾਣਾ ਅਤੇ ਸਿੱਖ ਭਾਈਚਾਰੇ ਨੂੰ ਮਿਲਣਾ ਕਈ ਵਾਰ ਮੁਸ਼ਕਲ ਲੱਗਦਾ ਹੈ ਪਰ ਉਹ ਅਤਿ ਆਧੁਨਿਕ ਸੰਚਾਰ ਸਾਧਨਾਂ ਦੀ ਮਦਦ ਨਾਲ ਵਿਸ਼ਵ ਵਿੱਚ ਵਸਦੇ ਸਿੱਖ ਭਾਈਚਾਰੇ ਨਾਲ ਸਾਂਝ ਪਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤਹਿਤ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੂੰ ਇੱਕ ਥਾਂ ’ਤੇ ਇਕੱਠਾ ਕਰਕੇ ਸੰਗਤ ਨਾਲ ਵੀਡੀਓ ਕਾਨਫਰਸਿੰਗ ਰਾਹੀ ਗੱਲਬਾਤ ਕੀਤੀ ਜਾਵੇਗੀ। ਇਸ ਸਿਲਸਿਲੇ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।’’ ਉਨ੍ਹਾਂ ਆਖਿਆ ਕਿ ਇਸ ਨਾਲ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਪਤਾ ਲੱਗੇਗਾ ਅਤੇ ਉਨ੍ਹਾਂ ਦਾ ਦਾ ਹੱਲ ਵੀ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਮੁੱਚੇ ਪੰਥ ਨੂੰ ਇੱਕਜੁੱਟ ਕਰਨ ਵਾਸਤੇ ਉਨ੍ਹਾਂ ਨਾਲ ਨੇੜਤਾ ਬਣਾਉਣੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਨਣਾ ਤੇ ਹੱਲ ਕਰਨਾ ਜ਼ਰੂਰੀ ਹੈ।
ਧਰਮ ਪਰਿਵਰਤਨ ਰੋਕਣ ਲਈ ਚੁੱਕੇ ਜਾਣਗੇ ਕਦਮ
ਸਿੱਖ ਭਾਈਚਾਰੇ ’ਚ ਧਰਮ ਪਰਿਵਰਤਨ ਨੂੰ ਰੋਕਣ ਸਬੰਧੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਪਿੰਡ ਪਿੰਡ ਵਿੱਚ ਜਾ ਕੇ ਲੋਕਾਂ ਨਾਲ ਮਿਲ ਬੈਠਣਗੇ ਅਤੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਜਿੰਨੇ ਵੀ ਪਿੰਡਾਂ ਵਿੱਚ ਗਏ ਹਨ, ਲੋਕ ਇਹੀ ਚਾਹੁੰਦੇ ਹਨ ਕਿ ਸਿੱਖ ਧਰਮ ਦਾ ਕੋਈ ਨੁਮਾਇੰਦਾ ਆਵੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਨੂੰ ਜਾਨਣ ਤੋਂ ਬਾਅਦ ਹੱਲ ਲਈ ਯਤਨ ਕਰੇ। ਉਨ੍ਹਾਂ ਮੁਤਾਬਕ, ‘‘ਧਰਮ ਪਰਿਵਰਤਨ ਦੇ ਮਾਮਲੇ ਵਿੱਚ ਸਿੱਖੀ ਛੱਡਣ ਵਾਲੇ ਹੀ ਇਕੱਲੇ ਕਸੂਰਵਾਰ ਨਹੀਂ ਹਨ ਸਗੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਵੀ ਓਨੇ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਅਜਿਹੇ ਲੋਕਾਂ ਨਾਲ ਸਾਂਝ ਪਾਉਣ ਅਤੇ ਨੇੜਤਾ ਬਣਾਉਣ ਦਾ ਯਤਨ ਨਹੀਂ ਕੀਤਾ।’’ ਕਾਰਜਕਾਰੀ ਜਥੇਦਾਰ ਨੇ ਖੁਲਾਸਾ ਕੀਤਾ ਕਿ ਖਾਲਸਾ ਸਾਜਨਾ ਦਿਵਸ ਮੌਕੇ ਉਹ ਪਿੰਡ ਗੱਗੋਮਾਹਲ ਤੋਂ ਬਾਬਾ ਜੀਵਨ ਸਿੰਘ ਦੇ ਜਨਮ ਸਥਾਨ ਤੋ ਧਰਮ ਪ੍ਰਚਾਰ ਲਹਿਰ ਦੀ ਸ਼ੁਰੂਆਤ ਕਰਨਗੇ, ਜਿਸ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਬਾਰੇ ਚਰਚਾ ਹੋਵੇਗੀ ਅਤੇ ਧਰਮ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਸਿਰਫ ਸਿੱਖ ਸ਼ਖਸੀਅਤਾਂ ਨੂੰ ਹੀ ਨਹੀਂ ਸਗੋਂ ਹੋਰਨਾਂ ਧਰਮਾਂ ਦੀਆਂ ਸ਼ਖਸੀਅਤਾਂ ਦਾ ਵੀ ਮਾਣ-ਸਨਮਾਨ ਕੀਤਾ ਜਾਵੇਗਾ।