ਕਿਸਾਨਾਂ ਵੱਲੋਂ ਖੰਡ ਮਿੱਲ ਵਿਰੁੱਧ ਪੱਕਾ ਮੋਰਚਾ ਸ਼ੁਰੂ ਕਰਨ ਦੀ ਚਿਤਾਵਨੀ
ਪੱਤਰ ਪ੍ਰੇਰਕ
ਮੁਕੇਰੀਆਂ, 25 ਜੂਨ
ਖੰਡ ਮਿੱਲ ਮੁਕੇਰੀਆਂ ਵੱਲ ਕਿਸਾਨਾਂ ਦੀ ਇਸ ਪਿੜਾਈ ਸੀਜ਼ਨ ਦੀ ਬਕਾਇਆ ਖੜ੍ਹੀ 45 ਕਰੋੜ ਅਤੇ ਪਿਛਲੀ ਅਦਾਇਗੀ ਦੇ ਖੜ੍ਹੀ ਵਿਆਜ ਦੀ ਰਕਮ ਅਦਾ ਨਾ ਕਰਨ ਖਿਲਾਫ਼ ਖੰਡ ਮਿੱਲ ਵਿਰੁੱਧ ਕਾਰਵਾਈ ਲਈ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਮਿਸਲ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾਦਲ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਕਿਸਾਨ ਮਜਦੂਰ ਲੋਕ ਭਲਾਈ ਸੁਸਾਇਟੀ ਦੀ ਵਫ਼ਦ ਐਸਐਸਪੀ ਸਰਤਾਜ ਸਿੰਘ ਚਾਹਲ ਨੂੰ ਮਿਲਿਆ। ਇਸ ਵਫ਼ਦ ਦੀ ਅਗਵਾਈ ਪ੍ਰਧਾਨ ਬਲਕਾਰ ਸਿੰਘ ਮੱਲੀ, ਜਥੇਦਾਰ ਬਾਬਾ ਗੁਰਦੇਵ ਸਿੰਘ, ਭਾਈ ਜਥੇਦਾਰ ਰਣਦੀਪ ਸਿੰਘ ਧਨੋਆ, ਉਂਕਾਰ ਸਿੰਘ ਪੁਰਾਣਾ ਭੰਗਾਲਾ ਅਤੇ ਦਰਸ਼ਨ ਸਿੰਘ ਛੰਨੀਨੰਦ ਸਿੰਘ ਨੇ ਕੀਤੀ। ਇਸ ਦੌਰਾਨ ਵਫਦ ਨੇ ਵਧੀਕ ਡਿਪਟੀ ਕਮਿਸਨਰ ਰਾਹੁਲ ਚਾਬਾ ਅਤੇ ਐਸ ਪੀ ਪਰਮਜੀਤ ਕੌਰ ਨਾਲ ਵੀ ਮੁਲਾਕਾਤ ਕੀਤੀ।
ਆਗੂਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਗੰਨਾ ਮਿੱਲ ਮੁਕੇਰੀਆਂ ਵੱਲ ਕਿਸਾਨਾਂ ਦਾ ਇਸ ਪਿੜਾਈ ਸੀਜ਼ਨ ਦਾ 45 ਕਰੋੜ 88 ਲੱਖ ਰੁਪਏ ਗੰਨੇ ਦੇ ਬਕਾਇਆ ਖੜ੍ਹਾ ਹੈ। ਮਾਣਯੋਗ ਹਾਈਕੋਰਟ ਨੇ ਹੁਕਮ ਕੀਤਾ ਹੋਇਆ ਹੈ ਕਿ 14 ਦਿਨ ਤੋਂ ਲੇਟ ਅਦਾਇਗੀ ‘ਤੇ ਕਿਸਾਨਾਂ ਨੂੰ 15 ਫੀਸਦੀ ਵਿਆਜ ਦਿੱਤਾ ਜਾਵੇ। ਪਰ ਖੰਡ ਮਿੱਲ ਪ੍ਰਬੰਧਕਾਂ ਵਲੋਂ ਕਿਸਾਨਾਂ ਨੂੰ ਪਿਛਲੇ ਸਾਲ ਕੀਤੀ 90 ਕਰੋੜ ਦੀ ਲੇਟ ਅਦਾਇਗੀ ‘ਤੇ ਵਿਆਜ ਗੰਨਾ ਮਿੱਲ ਵਲੋਂ ਨਹੀਂ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਵਲੋਂ 8 ਵਰਵਰੀ 2023 ਤੋਂ ਗੰਨਾ ਮੈਨੇਜਰ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਠੋਸ ਕਦਮ ਨਾ ਚੁੱਕੇ ਤਾਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਨਾਹਰਪੁਰ, ਸ਼ਮਿੰਦਰ ਸਿੰਘ ਛੰਨੀਨੰਦ ਸਿੰਘ, ਜਥੇਦਾਰ ਦਲਜੀਤ ਸਿੰਘ ਚੱਕ ਕਾਸਿਮ, ਕੁਲਵੰਤ ਸਿੰਘ ਛੰਨੀਨੰਦ ਸਿੰਘ ਆਦਿ ਵੀ ਹਾਸ਼ਰ ਸਨ।