‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਬੰਧੀ ਸੈਮੀਨਾਰ
ਬਹਾਦਰਜੀਤ ਸਿੰਘ
ਬਲਾਚੌਰ, 5 ਮਈ
ਬੀਕੇਐੱਮ ਕਾਲਜ ਆਫ ਐਜੂਕੇਸ਼ਨ ਨਵਾਂਸ਼ਹਿਰ ਰੋਡ, ਬਲਾਚੌਰ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਬੰਧੀ ਸੈਮੀਨਾਰ ਕਰਾਇਆ ਗਿਆ। ਸੈਮੀਨਾਰ ਵਿੱਚ ਡੀਐੱਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਮੁੱਖ ਮਹਿਮਾਨ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ ਅਤੇ ਬਲਾਚੌਰ ਸਿਟੀ ਥਾਣੇ ਦੇ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਵਿਸ਼ੇਸ਼ ਮਹਿਮਾਨ, ਕੌਂਸਲਰ ਪਰਮਿੰਦਰ ਮੇਨਕਾ ਭਿੰਦਾਂ, ਕੌਂਸਲਰ ਪੰਮਾ ਭਾਟੀਆ,ਮਹਿਲਾ ਸਰਪੰਚ ਕਮਲੇਸ਼ ਕੌਰ, ਰਾਜਬਲਵਿੰਦਰ ਸਿੰਘ ਘੁੰਮਣ, ਹਰਮੇਸ਼ ਸ਼ਰਮਾ ਮਹਿਮਾਨ ਵਜੋਂ ਸ਼ਾਮਿਲ ਹੋਏ।
ਚੇਅਰਮੈਨ ਐੱਸਕੇ ਸ਼ਰਮਾ, ਸੈਕਟਰੀ ਆਸ਼ਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਬੀ.ਐੱਸ. ਜਮਬਾਲ ਨੇ ਆਈਆਂ ਸ਼ਖ਼ਸੀਅਤਾਂ ਨੂੰ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਡੀਐੱਸਪੀ ਸ਼ਾਮ ਸੁੰਦਰ ਸ਼ਰਮਾ ਨੇ ਆਖਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਸ਼ਾਨਦਾਰ ਸਫਲਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਲੋਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਹਿਯੋਗ ਦੇ ਰਹੇ ਹਨ, ਉਹ ਸ਼ਲਾਘਾਯੋਗ ਹੈ ਅਤੇ ਜਲਦੀ ਹੀ ਪੰਜਾਬ ਨਸ਼ਾ ਮੁਕਤ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਯੋਧੇ ਦੀ ਭੂਮਿਕਾ ਅਦਾ ਕਰਨ।
ਐੱਸਐੱਚਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਆਖਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੁਣ ਤੱਕ ਪੁਲੀਸ ਵੱਲੋਂ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਚੁੱਕਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਬਾਜ਼ ਅੱਖ ਰੱਖਣ। ਪ੍ਰਿੰਸੀਪਲ ਡਾ. ਬੀਐੱਸ ਜਮਬਾਲ ਨੇ ਕਿਹਾ ਕਿ ਅੱਛੇ ਸੰਸਕਾਰਾਂ ਦੀ ਬਦੌਲਤ ਸਮਾਜ ਨਸ਼ਾ ਮੁਕਤ ਹੋ ਸਕਦਾ ਹੈ। ਇਸ ਮੌਕੇ ਪਰਮਿੰਦਰ ਭਾਟੀਆ, ਪਰਮਿੰਦਰ ਮੇਨਕਾ (ਭਿੰਦਾਂ), ਕਾਲਜ ਕਮੇਟੀ ਦੇ ਬਾਨੀ ਮੈਂਬਰ ਨਿਮੈਲ ਸਿੰਘ ਥਾਂਦੀ, ਸਰਪੰਚ ਮੋਹਨ ਸਿੰਘ ਗੜ੍ਹੀ ਕਾਨੂੰਗੋਆ, ਰਾਜਬਲਵਿੰਦਰ ਸਿੰਘ ਘੁੰਮਣ, ਵਿਸ਼ਵਰਾਜ ਕੌਸ਼ਲ ਨੇ ਵੀ ਵਿਚਾਰ ਸਾਂਝੇ ਕੀਤੇ।