Veteran actor-filmmaker Manoj Kumar dies ਉੱਘੇ ਅਦਾਕਾਰ ਤੇ ਫ਼ਿਲਮਸਾਜ਼ ਮਨੋਜ ਕੁਮਾਰ ਦਾ ਦੇਹਾਂਤ
ਮਨੋਜ ਕੁਮਾਰ ਦੇ ਪਰਿਵਾਰਕ ਦੋਸਤ ਤੇ ਫ਼ਿਲਮਸਾਜ਼ ਅਸ਼ੋਕ ਪੰਡਿਤ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਫ਼ਿਲਮਸਾਜ਼ ਨੇ ਸ਼ੁੱਕਰਵਾਰ ਵੱਡੇ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਕੋਕਿਲਾਬੇਨ ਅੰਬਾਨੀ ਹਸਪਤਾਲ ਵਿਚ ਆਖਰੀ ਸਾਹ ਲਏ। ਹਸਪਤਾਲ ਦੇ ਸੀਈਓ ਤੇ ਕਾਰਜਕਾਰੀ ਡਾਇਰੈਕਟਰ ਡਾ. ਸੰਤੋਸ਼ ਸ਼ੈੱਟੀ ਨੇ ਕਿਹਾ, ‘‘ਅਦਾਕਾਰ ਤੇ ਫ਼ਿਲਮਸਾਜ਼ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿਚ ਦਾਖ਼ਲ ਸੀ।’’ ਫ਼ਿਲਮਸਾਜ਼ ਦੇ ਪੁੱਤਰ ਕੁਨਾਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਦੇ ਪਿਤਾ ਕਈ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ ਤੇ ਪਿਛਲੇ ਕੁਝ ਸਾਲਾਂ ਤੋਂ ਮੰਜੇ ’ਤੇ ਹੀ ਸਨ। ਇਸ ਦੌਰਾਨ ਉਨ੍ਹਾਂ ਦਾ ਹਸਪਤਾਲ ਆਉਣਾ ਜਾਣਾ ਲੱਗਿਆ ਰਿਹਾ ਤੇ ਹਾਲ ਹੀ ਵਿਚ ਉਨ੍ਹਾਂ ਨੂੰ ਨਿਮੋਨੀਆ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਤੇ ਫਿਲਮਸਾਜ਼ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ‘ਭਾਰਤੀ ਸਿਨੇਮਾ ਦਾ ਪ੍ਰਤੀਕ’ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ, ‘‘ਮਹਾਨ ਅਦਾਕਾਰ ਅਤੇ ਫਿਲਮ ਨਿਰਮਾਤਾ ਸ੍ਰੀ ਮਨੋਜ ਕੁਮਾਰ ਜੀ ਦੇ ਦੇਹਾਂਤ ’ਤੇ ਬਹੁਤ ਦੁੱਖ ਹੋਇਆ। ਉਹ ਭਾਰਤੀ ਸਿਨੇਮਾ ਦੇ ਪ੍ਰਤੀਕ ਸਨ, ਜਿਨ੍ਹਾਂ ਨੂੰ ਖਾਸ ਤੌਰ ’ਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਜੋਸ਼ ਲਈ ਯਾਦ ਕੀਤਾ ਜਾਂਦਾ ਸੀ, ਜੋ ਉਨ੍ਹਾਂ ਦੀਆਂ ਫਿਲਮਾਂ ਵਿੱਚ ਵੀ ਝਲਕਦਾ ਸੀ। ਮਨੋਜ ਜੀ ਦੇ ਕੰਮਾਂ ਨੇ ਰਾਸ਼ਟਰੀ ਸਵੈਮਾਣ ਦੀ ਭਾਵਨਾ ਨੂੰ ਜਗਾਇਆ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।’’
ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਮਨੋਜ ਕੁਮਾਰ ਨੂੰ ਉਨ੍ਹਾਂ ਦੀਆਂ ਹਿੱਟ ਫਿਲਮਾਂ ‘ਦੋ ਬਦਨ’, ‘ਹਰਿਆਲੀ ਔਰ ਰਾਸਤਾ’ ਤੇ ‘ਗੁਮਨਾਮ’ ਲਈ ਵੀ ਜਾਣਿਆ ਜਾਂਦਾ ਹੈ। ਮਨੋਜ ਕੁਮਾਰ ਦਾ ਅਸਲ ਨਾਮ ਹਰੀਕ੍ਰਿਸ਼ਨ ਗੋਸਵਾਮੀ ਸੀ ਤੇ ਉਨ੍ਹਾਂ ਦਾ ਜਨਮ ਅਣਵੰਡੇ ਭਾਰਤ ਦੇ ਐਬਟਾਬਾਦ (ਪਾਕਿਸਤਾਨ) ਵਿਚ ਪੰਜਾਬੀ ਹਿੰਦੂ ਪਰਿਵਾਰ ਵਿਚ ਹੋਇਆ ਸੀ। ਕੁਮਾਰ ਦਾ ਪਰਿਵਾਰ ਦੇਸ਼ ਵੰਡ ਦੌਰਾਨ ਦਿੱਲੀ ਆਇਆ ਸੀ। ਅਦਾਕਾਰ ਨੇ ਮੁੰਬਈ ਵਿਚ ਫ਼ਿਲਮਾਂ ’ਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਦਿੱਲੀ ਦੇ ਹਿੰਦੂ ਕਾਲਜ ਤੋਂ ਗਰੈਜੂਏਸ਼ਨ ਕੀਤੀ ਸੀ। -ਪੀਟੀਆਈ