ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਾਸ਼ਤਕਾਰਾਂ ਦਾ 34 ਕਰੋੜ ਰੁਪਏ ਦਾ ਭੁਗਤਾਨ ਕਰੇ: ਸੈਣੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਾਰਚ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਤਰਾਖੰਡ ਸਰਕਾਰ ਵੱਲ ਹਰਿਆਣਾ ਦੇ ਗੰਨਾ ਕਾਸ਼ਤਕਾਰਾਂ ਦੇ ਬਕਾਇਆ ਖੜੇ 34 ਕਰੋੜ ਰੁਪਏ ਦਾ ਜਲਦ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਸ੍ਰੀ ਸੈਣੀ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਵੱਖ-ਵੱਖ ਕਿਸਾਨ ਸੰਗਠਨਾਂ ਨਾਲ ਮੀਟਿੰਗ ਕਰਨ ਉਪਰੰਤ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਉਤਰਾਖੰਡ ਸਰਕਾਰ ਵੱਲੋਂ ਹਰਿਆਣਾ ਦੇ ਗੰਨਾ ਕਿਸਾਨਾਂ ਦਾ ਪਿਛਲੇ 7-8 ਸਾਲਾਂ ਤੋਂ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਉਤਰਾਖੰਡ ਦੀ ਇਕਬਾਲਪੁਰ ਖੰਡ ਮਿੱਲ ਵਿੱਚ ਹਰਿਆਣਾ ਦੇ ਗੰਨਾ ਕਾਸ਼ਤਕਾਰਾਂ ਦਾ ਸਾਲ 2017-18 ਤੋਂ ਹੁਣ ਤੱਕ ਲਗਪਗ 34 ਕਰੋੜ ਰੁਪਏ ਬਕਾਇਆ ਹੈ। ਇਸ ਭੁਗਤਾਨ ਵਿੱਚ ਦੇਰੀ ਹੋਣ ਕਾਰਨ ਕਿਸਾਨ ਨੂੰ ਆਰਥਿਕ ਤੌਰ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਿਸਾਨਾਂ ਦੇ ਬਕਾਇਆ ਰਾਸ਼ੀ ਨੂੰ ਪਹਿਲ ਦੇ ਆਧਾਰ ’ਤੇ ਜਾਰੀ ਕਰੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਗੰਨਾ ਕਿਸਾਨਾਂ ਦੇ ਭੁਗਤਾਨ ਵਿੱਚ ਦੇਰੀ ਦੇ ਕਾਰਨਾਂ ਦੀ ਜਾਂਚ ਵੀ ਕਰਵਾਈ ਜਾਵੇ ਅਤੇ ਕਸੂਰਵਾਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।