ਯੂਪੀ: ਤੂਫ਼ਾਨ ਅਤੇ ਮੀਂਹ ਕਾਰਨ 22 ਵਿਅਕਤੀਆਂ ਦੀ ਮੌਤ; 4 ਲੱਖ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ
ਲਖਨਊ, 11 ਅਪਰੈਲ
ਯੂਪੀ ਵਿਚ ਤੂਫ਼ਾਨ ਅਤੇ ਮੀਂਹ ਕਾਰਨ ਘੱਟੋ-ਘੱਟ 22 ਵਿਅਕਤੀ ਅਤੇ 45 ਜਾਨਵਰ ਮਾਰੇ ਗਏ ਹਨ। ਵੀਰਵਾਰ ਨੂੰ ਵਾਪਰੀ ਇਸ ਭਿਆਨਕ ਘਟਨਾ ਵਿਚ ਸੂਬੇ ਵਿਚ 15 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਖੇਤਰੀ ਮੌਸਮ ਵਿਭਾਗ ਨੇ ਅੱਜ (11 ਅਪ੍ਰੈਲ) ਲਈ ਕਈ ਜ਼ਿਲ੍ਹਿਆਂ ਖਾਸ ਕਰਕੇ ਸੂਬੇ ਦੇ ਪੂਰਬੀ ਹਿੱਸੇ ਲਈ ਇਕ ਅਲਰਟ ਜਾਰੀ ਕੀਤਾ ਹੈ। ਖੇਤਰੀ ਮੌਸਮ ਵਿਭਾਗ ਨੇ ਲਖਨਊ, ਵਾਰਾਣਸੀ, ਅਯੁੱਧਿਆ, ਚੰਦੌਲੀ, ਬਾਰਾਬੰਕੀ, ਸ਼ਰਾਵਸਤੀ, ਬਲਰਾਮਪੁਰ, ਮਹਾਰਾਜਗੰਜ, ਸਿਧਾਰਥਨਗਰ, ਕੁਸ਼ੀਨਗਰ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ, ਉਨਾਓ, ਪ੍ਰਤਾਪਗੜ੍ਹ, ਅਮੇਠੀ, ਸੁਲਤਾਨਪੁਰ, ਜੌਨਪੁਰ, ਅੰਬੇਡਕਰ ਨਗਰ, ਆਜ਼ਮਗੜ੍ਹ, ਸੰਤ ਕਬੀਰ ਨਗਰ, ਬਲੀਆ, ਸੰਤ ਰਵਿਦਾਸ ਨਗਰ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਅਤੇ ਝੱਖੜ ਵਰਗੀਆਂ ਸਥਿਤੀਆਂ ਦੀ ਭਵਿੱਖਬਾਣੀ ਕੀਤੀ ਹੈ।
ਡੀਐੱਮ ਸ਼ੁਭੰਕਰ ਨੇ ਕਿਹਾ ਕਿ ਮਨੁੱਖੀ ਜਾਨਾਂ ਦੇ ਨੁਕਸਾਨ ਤੋਂ ਇਲਾਵਾ ਘਰਾਂ, ਪਸ਼ੂਆਂ ਅਤੇ ਖੇਤੀਬਾੜੀ ਫਸਲਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਸ਼ੁੱਕਰਵਾਰ ਨੂੰ ਜਾਇਦਾਦ ਅਤੇ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਸ਼ੁਰੂ ਕਰਨਗੇ, ਜਿਸ ਤੋਂ ਬਾਅਦ ਇਸ ਲਈ ਮੁਆਵਜ਼ਾ ਦਿੱਤਾ ਜਾਵੇਗਾ। -ਏਐੱਨਆਈ