ਸਾਬਕਾ ਮੁਤਵਾਜ਼ੀ ਜਥੇਦਾਰ ਵੱਲੋਂ ‘ਆਪ’ ਸਰਕਾਰ ਨੂੰ ਅਲਟੀਮੇਟਮ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਅਗਸਤ
ਸਾਬਕਾ ਮੁਤਵਾਜੀ ਜਥੇਦਾਰ ਅਤੇ ਸਿੱਖ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਮਾਮਲਿਆਂ ਨੂੰ ਲੈ ਕੇ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਸਬੰਧ ਵਿੱਚ ਇੱਕ ਬਿਆਨ ਰਾਹੀਂ ਭਾਈ ਅਜਨਾਲਾ ਨੇ ਦੱਸਿਆ ਕਿ ਬੇਅਦਬੀ ਮਾਮਲਿਆਂ ਸਮੇਤ ਹੋਰ ਸਿੱਖ ਮਾਮਲਿਆਂ ਨੂੰ ਲੈ ਕੇ ਉਹ ਪਿਛਲੇ ਵਰ੍ਹੇ ਜੁਲਾਈ ਮਹੀਨੇ ਵਿੱਚ ਮੁੱਖ ਮੰਤਰੀ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਇਕ ਵਰ੍ਹਾ ਬੀਤਣ ਮਗਰੋਂ ਵੀ ਇਹ ਸਾਰੇ ਹੀ ਸਿੱਖ ਮਾਮਲੇ ਅਧੂਰੇ ਪਏ ਹਨ, ਜਿਸ ਕਾਰਨ ਸਿੱਖ ਸੰਗਤਾਂ ਦੇ ਮਨਾਂ ਵਿੱਚ ਨਿਰਾਸ਼ਾ ਹੈ। ਉਹਨਾਂ ਨੇ ਕਿਹਾ ਕਿ ਪਿੰਡ ਕਲਿਆਣ ਦੇ ਗੁਰਦੁਆਰੇ ਵਿੱਚੋਂ ਚੋਰੀ ਹੋਏ ਸਰੂਪ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਤਿੰਨ ਮਹੀਨੇ ਵਿੱਚ ਜਾਂਚ ਕਰਨ ਦਾ ਸਮਾਂ ਦਿੱਤਾ ਸੀ। ਪਰ ਹੁਣ ਇੱਕ ਸਾਲ ਬੀਤ ਚੁੱਕਾ ਹੈ ਅਤੇ ਕੋਈ ਰਿਪੋਰਟ ਨਹੀਂ ਆਈ ਹੈ। ਇਸੇ ਤਰ੍ਹਾਂ ਲਾਪਤਾ ਹੋਏ 328 ਸਰੂਪ ਮਾਮਲੇ ਵਿੱਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਕਾਰਨ ਸਿੱਖ ਸੰਗਤ ਦੇ ਮਨਾਂ ਵਿੱਚ ਨਿਰਾਸ਼ਾ ਹੈ। ਉਹਨਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਹਮਖਿਆਲੀ ਪੰਥਕ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ ਅਤੇ ਹੋਰਨਾਂ ਨਾਲ ਵਿਚਾਰ ਚਰਚਾ ਕਰਕੇ ਸੰਘਰਸ਼ ਵਿੱਢਣ ਦੀ ਤਿਆਰੀ ਕਰ ਰਹੇ ਹਾਂ। ਇਸ ਸਬੰਧ ਵਿੱਚ ਜੱਥੇਬੰਦੀਆਂ ਦੀ 21 ਅਗਸਤ ਨੂੰ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਬਾਬਾ ਬਲਦੇਵ ਸਿੰਘ ,ਬਾਬਾ ਰੇਸ਼ਮ ਸਿੰਘ ਸਮੇਤ ਹੋਰ ਹਾਜ਼ਰ ਸਨ।
‘ਸਿੱਖ ਮਾਮਲਿਆਂ ਨੂੰ ਛੇਤੀ ਹੱਲ ਨਾ ਕੀਤਾ ਤਾਂ ‘ਆਪ’ ਦਾ ਹਾਲ ਵੀ ਬਾਦਲ, ਚੰਨੀ ਤੇ ਕੈਪਟਨ ਵਰਗਾ ਹੋਵੇਗਾ: ਭਾਈ ਅਜਨਾਲਾ
ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਮੁੱਦਿਆਂ ਨੂੰ ਲੈ ਕੇ ਸੱਤਾ ਵਿੱਚ ਆਈ ਸੀ। ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਤੇ ਦੋਸ਼ੀਆ ਖਿਲਾਫ ਕਾਰਵਾਈ , ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਸ਼ਾਮਲ ਸੀ। ਲੇਕਿਨ ਇਹ ਸਾਰੇ ਮਾਮਲੇ ਅੱਜ ਵੀ ਜਿਵੇਂ ਦੇ ਤਿਵੇਂ ਹਨ ਜਦੋਂ ਕਿ ਇਹ ਪੰਜਾਬ ਦੇ ਬੁਨਿਆਦੀ ਮਸਲੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਹੱਲ ਕੀਤੇ ਬਿਨਾਂ ਆਪ ਦੇ ਆਗੂ ਆ ਰਹੀਆਂ ਸੰਸਦੀ ਚੋਣਾਂ ਅਤੇ ਹੋਰ ਚੋਣਾਂ ਵਿਚ ਲੋਕਾਂ ਕੋਲੋਂ ਵੋਟਾਂ ਨਹੀਂ ਮੰਗ ਸਕਣਗੇ। ਉਹਨਾਂ ਆਪ ਸਰਕਾਰ ਨੂੰ ਚੌਕਸ ਕਰਦਿਆਂ ਕਿਹਾ ਇਨਾਂ ਮਸਲਿਆਂ ਨੂੰ ਹੱਲ ਕਰਨ ਨਹੀਂ ਤਾਂ ਉਨ੍ਹਾਂ ਦਾ ਵੀ ਬਾਦਲ, ਕੈਪਟਨ ਅਤੇ ਚੰਨੀ ਸਰਕਾਰ ਵਾਲਾ ਹੀ ਹਾਲ ਹੋਵੇਗਾ। ਲੋਕ ਇਨ੍ਹਾਂ ਮਾਮਲਿਆਂ ਵਿੱਚ ਨਤੀਜੇ ਦੀ ਮੰਗ ਕਰ ਰਹੇ ਹਨ।