ਕੇਂਦਰੀ ਮੁਲਾਜ਼ਮਾਂ ਦੇ ਡੀਏ ’ਚ ਦੋ ਫ਼ੀਸਦੀ ਦਾ ਵਾਧਾ
ਨਵੀਂ ਦਿੱਲੀ, 29 ਮਾਰਚ
ਕੇਂਦਰੀ ਮੰਤਰੀ ਮੰਡਲ ਨੇ ਆਪਣੇ 1.15 ਕਰੋੜ ਮੁਲਾਜ਼ਮਾਂ ਦੇ ਡੀਏ (ਮਹਿੰਗਾਈ ਭੱਤਾ) ਤੇ ਪੈਨਸ਼ਨਰਾਂ ਦੇ ਡੀਆਰ (ਮਹਿੰਗਾਈ ਰਾਹਤ)’ਚ ਦੋ ਫ਼ੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਾਧੇ ਨਾਲ ਡੀਏ 53 ਤੋਂ ਵਧ ਕੇ 55 ਫ਼ੀਸਦ ਹੋ ਗਿਆ ਹੈ। ਇਹ ਫ਼ੈਸਲਾ ਮੌਜੂਦਾ ਵਰ੍ਹੇ ਪਹਿਲੀ ਜਨਵਰੀ ਤੋਂ ਲਾਗੂ ਹੋਵੇਗਾ। ਡੀਏ ’ਚ ਵਾਧੇ ਨਾਲ ਸਰਕਾਰੀ ਖ਼ਜ਼ਾਨੇ ’ਤੇ ਸਾਲਾਨਾ 6,614.04 ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਦੌਰਾਨ ਕੇਂਦਰੀ ਮੰਤਰੀ ਮੰਡਲ ਨੇ ਮੌਜੂਦਾ ਵਰ੍ਹੇ ਸਾਉਣੀ ਦੇ ਸੀਜ਼ਨ ਲਈ ਫਾਸਫੇਟ ਅਤੇ ਪੋਟਾਸ਼ (ਪੀਐਂਡਕੇ) ਆਧਾਰਿਤ ਖਾਦਾਂ ’ਤੇ 37,216 ਕਰੋੜ ਰੁਪਏ ਦੀ ਸਬਸਿਡੀ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀਏਪੀ ਦੀਆਂ ਪਰਚੂਨ ਕੀਮਤਾਂ ਮੌਜੂਦਾ ਪੱਧਰ ’ਤੇ ਕਾਇਮ ਰੱਖਣ ਲਈ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ। ਮੰਤਰੀ ਮੰਡਲ ਨੇ ਗ਼ੈਰ-ਸੈਮੀਕੰਡਕਟਰ ਇਲੈਕਟ੍ਰਾਨਿਕਸ ਪੁਰਜ਼ਿਆਂ ਦੇ ਉਤਪਾਦਨ ਨਾਲ ਜੁੜੀ 22,919 ਕਰੋੜ ਰੁਪਏ ਦੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਨਾਲ ਕਰੀਬ 59,350 ਕਰੋੜ ਰੁਪਏ ਦਾ ਨਿਵੇਸ਼ ਆਉਣ ਦੀ ਸੰਭਾਵਨਾ ਹੈ। ਉਧਰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਥਲ ਅਤੇ ਹਵਾਈ ਸੈਨਾ ਲਈ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਤੋਂ 62 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 156 ਹਲਕੇ ਲੜਾਕੂ ਹੈਲੀਕਾਪਟਰ ਖ਼ਰੀਦਣ ਦੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਐੱਚਏਐੱਲ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਹੈ। ਇਹ ਹੈਲੀਕਾਪਟਰ ਚੀਨ ਅਤੇ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ ’ਤੇ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਨੇ ਬਿਹਾਰ ’ਚ ਚਾਰ ਮਾਰਗੀ ਪਟਨਾ-ਸਾਸਾਰਾਮ ਕੌਰੀਡੋਰ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਹੈ ਜਿਸ ’ਤੇ ਅੰਦਾਜ਼ਨ 3,712.40 ਕਰੋੜ ਰੁਪਏ ਦੀ ਲਾਗਤ ਆਵੇਗੀ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਨੇ ਸੂਬੇ ਲਈ ਇਕ ਹੋਰ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ ਤਹਿਤ ਕੋਸੀ ਮੇਚੀ ਲਿੰਕ ਪ੍ਰਾਜੈਕਟ ਨੂੰ ਸ਼ਾਮਲ ਕੀਤਾ ਹੈ। -ਪੀਟੀਆਈ