ਜਿਨਸੀ ਸੋਸ਼ਣ ਦੇ ਦੋਸ਼ ਲਾ ਕੇ ਬਲੈਕਮੇਲ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਅਪਰੈਲ
ਪੁਲੀਸ ਨੇ ਇੱਕ ਅਜਿਹੇ ਗਰੋਹ ਦੇ ਛੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ, ਜੋ ਔਰਤਾਂ ਰਾਹੀਂ ਨਾਮਵਰ ਵਿਅਕਤੀਆਂ ’ਤੇ ਬੇਬੁਨਿਆਦ ਜਿਨਸੀ ਸੋਸ਼ਣ ਦੇ ਦੋਸ਼ ਲਾ ਕੇ ਉਨ੍ਹਾਂ ਕੋਲੋਂ ਵੱਡੀਆਂ ਰਕਮਾਂ ਬਟੋਰ ਰਿਹਾ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਮਕਬੂਲਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਵਰੁਣ ਕਪੂਰ ਅਤੇ ਅਨਿਲ ਸਿੰਘ ਉਰਫ ਅਮਰਿੰਦਰ ਸਿੰਘ ਵਜੋਂ ਹੋਈ ਹੈ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਇੱਕ ਵਿਅਕਤੀ ਜੁਝਾਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਰੁਣ ਕਪੂਰ ਨੇ ਆਪਣੇ ਸਾਥੀ ਅਨਿਲ ਕਪੂਰ ਅਤੇ ਕੇਸ ਵਿੱਚ ਨਾਮਜ਼ਦ ਕੀਤੀਆਂ ਚਾਰ ਔਰਤਾਂ ਦੇ ਨਾਲ ਰਲ ਕੇ ਇੱਕ ਗਰੋਹ ਬਣਾਇਆ ਹੋਇਆ ਸੀ। ਇਹ ਵਿਅਕਤੀ ਸ਼ਹਿਰ ਦੇ ਸਰਮਾਏਦਾਰ ਵਿਅਕਤੀਆਂ ਦੇ ਮੋਬਾਈਲ ਨੰਬਰ ਆਦਿ ਹਾਸਲ ਕਰ ਕੇ ਔਰਤਾਂ ਦੇ ਰਾਹੀਂ ਉਨ੍ਹਾਂ ਨੂੰ ਫੋਨ ਕਰਵਾਉਂਦੇ ਅਤੇ ਗੱਲਬਾਤ ਕਰਕੇ ਰਾਬਤਾ ਕਾਇਮ ਕਰਦੇ ਸਨ। ਬਾਅਦ ਵਿੱਚ ਇਹ ਔਰਤਾਂ ਆਪਣਾ ਚਿਹਰਾ ਢੱਕ ਕੇ ਮੋਬਾਈਲ ਫੋਨ ਰਾਹੀਂ ਵਿਅਕਤੀਆਂ ਖਿਲਾਫ ਜਿਨਸੀ ਸੋਸ਼ਣ ਤੇ ਛੇੜਛਾੜ ਦੇ ਦੋਸ਼ ਲਗਾ ਕੇ ਵੀਡੀਓ ਤਿਆਰ ਕਰ ਲੈਂਦੇ ਸਨ।
ਇਸ ਮਗਰੋਂ ਗਰੋਹ ਦੇ ਮਰਦ ਮੈਂਬਰ ਸਰਮਾਏਦਾਰ ਵਿਅਕਤੀਆਂ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੰਦੇ ਅਤੇ ਖਬਰ ਮੀਡੀਆ ਵਿੱਚ ਦੇਣ ਦੇ ਨਾਂ ਹੇਠ ਮੋਟੀ ਰਕਮ ਬਟੋਰ ਕੇ ਬਲੈਕਮੇਲ ਕਰ ਰਹੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਰੁਣ ਕਪੂਰ ਅਤੇ ਅਨਿਲ ਸਿੰਘ ਦੋਵੇਂ ਗਰੋਹ ਦੇ ਸਰਗਨੇ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਨਾਮਜ਼ਦ ਚਾਰ ਔਰਤਾਂ ਦੀ ਗ੍ਰਿਫਤਾਰੀ ਵਾਸਤੇ ਭਾਲ ਕੀਤੀ ਜਾ ਰਹੀ ਹੈ।