ਟਰੰਪ ਵੱਲੋਂ ‘ਵੁਆਇਸ ਆਫ਼ ਅਮਰੀਕਾ’ ਦੇ ਅਮਲੇ ’ਚ ਕਟੌਤੀ
ਵਾਸ਼ਿੰਗਟਨ, 16 ਮਾਰਚ
ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸ਼ਨਿਚਰਵਾਰ ਨੂੰ ‘ਵੁਆਇਸ ਆਫ਼ ਅਮਰੀਕਾ’ (ਵੀਓਏ) ਅਤੇ ਸਰਕਾਰ ਵੱਲੋਂ ਚਲਾਏ ਜਾ ਰਹੇ ਲੋਕਤੰਤਰ ਪੱਖੀ ਪ੍ਰੋਗਰਾਮਾਂ ’ਤੇ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ‘ਵੁਆਇਸ ਆਫ਼ ਅਮਰੀਕਾ’ ਦੇ ਨਿਰਦੇਸ਼ਕ ਨੇ ਕਿਹਾ ਹੈ ਕਿ ਵੀਓਏ ਦੇ ਕਰਮਚਾਰੀਆਂ ਨੂੰ ਤਨਖ਼ਾਹ ਸਮੇਤ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਕਾਂਗਰਸ ਵੱਲੋਂ ਫੰਡਿੰਗ ਬਿੱਲ ਪਾਸ ਕਰਨ ਤੋਂ ਕੁਝ ਸਮੇਂ ਬਾਅਦ ਹੀ ਟਰੰਪ ਨੇ ਪ੍ਰਸ਼ਾਸਨ ਨੂੰ ਕਾਨੂੰਨ ਮੁਤਾਬਕ ਕੁਝ ਏਜੰਸੀਆਂ ਦੇ ਸਮਾਗਮ ਘੱਟ ਤੋਂ ਘੱਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਏਜੰਸੀਆਂ ਵਿੱਚ ਵੁਆਇਸ ਆਫ਼ ਅਮਰੀਕਾ ਦਾ ਪ੍ਰਸਾਰਨ ਕਰਨ ਵਾਲੀ ਯੂਐੱਸ ਏਜੰਸੀ ਫਾਰ ਗਲੋਬਲ ਮੀਡੀਆ, ਰੇਡੀਓ ਫ੍ਰੀ ਯੂਰੋਪ ਐਂਡ ਏਸ਼ੀਆ ਤੇ ਰੇਡੀਓ ਮਾਰਤੀ ਸ਼ਾਮਲ ਹਨ। ਏਜੰਸੀ ਲਈ ਸੀਨੀਅਰ ਸਲਾਹਕਾਰ ਕੈਰੀ ਲੇਕ ਨੇ ਐਕਸ ’ਤੇ ਪੋਸਟ ਪਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਆਪਣੀ ਈ-ਮੇਲ ਚੈੱਕ ਕਰ ਲੈਣੀ ਚਾਹੀਦੀ ਹੈ। ਇਨ੍ਹਾਂ ’ਚ ਵੁਆਇਸ ਆਫ਼ ਅਮਰੀਕਾ ਦੇ ਸਟਾਫ਼ ਨੂੰ ਤਨਖ਼ਾਹ ਸਮੇਤ ਪ੍ਰਸ਼ਾਸਕੀ ਛੁੱਟੀ ’ਤੇ ਭੇਜਣ ਸਬੰਧੀ ਨੋਟਿਸ ਦਿੱਤੇ ਗਏ ਹਨ। -ਏਪੀ