ਟਰੱਕ ਨੂੰ ਅੱਗ ਲੱਗੀ, ਪੰਜਾਬ ਵਾਸੀ ਚਾਲਕ ਦੀ ਮੌਤ
ਗੁਰਦੀਪ ਸਿੰਘ ਭੱਟੀ
ਟੋਹਾਣਾ, 16 ਮਾਰਚ
ਦਿੱਲੀ-ਡਬਵਾਲੀ ਕੌਮੀ ਸੜਕ-9 ’ਤੇ ਮਹਿਮ ਦੇ ਨਜ਼ਦੀਕ ਬਾਲੰਭਾ ਮੋੜ ’ਤੇ ਢਾਬੇ ਉੱਤੇ ਖੜ੍ਹੇ ਆਇਸ਼ਰ ਟਰੱਕ ਨੂੰ ਅਚਾਨਕ ਅੱਗ ਲਗ ਜਾਣ ਕਾਰਨ ਚਾਲਕ ਦੀ ਮੌਤ ਹੋ ਗਈ। ਹਾਲਾਂਕਿ, ਇਸ ਦੌਰਾਨ ਉਸਦਾ ਸਹਾਇਕ ਢਾਬੇ ’ਤੇ ਬੈਠਾ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਮ੍ਰਿਤਕ ਦੀ ਪਛਾਣ ਕੁਲਦੀਪ ਵਾਸੀ ਧਾਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਢਾਬਾ ਮਾਲਕ ਰਮੇਸ਼ ਕੁਮਾਰ ਮੁਤਾਬਕ ਦਿੱਲੀ ਤੋਂ ਵਾਪਸੀ ਮੌਕੇ ਟਰੱਕ ਉਸਦੇ ਢਾਬੇ ’ਤੇ ਰੁਕਿਆ ਸੀ। ਡਰਾਈਵਰ ਟਰੱਕ ਦੇ ਹੇਠ ਤਰਪਾਲ ਸੁੱਟ ਕੇ ਸੌਂ ਗਿਆ। ਉਸਦਾ ਸਹਾਇਕ ਢਾਬੇ ਦੀ ਕੁਰਸੀ ’ਤੇ ਜਾ ਬੈਠਾ। ਥੋੜ੍ਹੀ ਦੇਰ ਮਗਰੋਂ ਅਚਾਨਕ ਕੈਬਿਨ ਵਿੱਚ ਧੂੰਆਂ ਨਿਕਲਦਾ ਵੇਖ ਕੇ ਢਾਬੇ ਦੇ ਕਰਮਚਾਰੀਆਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਉਸ ਸਮੇਂ ਤਕ ਦੇਰ ਹੋ ਚੁੱਕੀ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਚਾਲਕ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਮਹਿਮ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।