ਇਯਾਲੀ ਵੱਲੋਂ ਸੱਦੇ ਇਕੱਠ ਵਿੱਚ ਵੱਡੀ ਗਿਣਤੀ ਪੰਥ ਹਿਤੈਸ਼ੀ ਸ਼ਾਮਲ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 16 ਮਾਰਚ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਦੇ ਮੈਂਬਰ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਇਥੇ ਸੱਦੇ ਇਕੱਠ ਵਿੱਚ ਵੱਡੀ ਗਿਣਤੀ ਪੰਥ ਹਿਤੈਸ਼ੀ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਸਿਰਕੱਢ ਆਗੂ ਵੀ ਹਾਜ਼ਰ ਸਨ। ਸਾਰਿਆਂ ਨੇ ਵਿਧਾਇਕ ਇਯਾਲੀ ਵੱਲੋਂ ਰੱਖੇ ਮਤੇ ਤੇ ਵਿਚਾਰਾਂ ਦੀ ਹੱਥ ਖੜ੍ਹੇ ਕਰਕੇ ਪ੍ਰੋੜਤਾ ਕੀਤੀ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ-ਪੱਖੀ ਧੜੇ ਨੂੰ ਅੱਜ ਵੱਡਾ ਝਟਕਾ ਲੱਗਿਆ। ਸ੍ਰੀ ਅਕਾਲ ਤਖ਼ਤ ਦੀ ਮਰਿਯਾਦਾ ਤੇ ਸਿਧਾਂਤਾਂ ਤੋਂ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਜਿਸ ਜਮਾਤ ਕਰਕੇ ਸਾਡੀ ਹੋਂਦ ਹੋਵੇ ਉਸਨੂੰ ਢਾਹ ਨਹੀਂ ਲੱਗਣ ਦੇਣੀ ਚਾਹੀਦੀ। ਹੁਣ ਕਿਉਂਕਿ ਸਾਡੀ ਪਛਾਣ ਤੇ ਹੋਂਦ ਸ਼੍ਰੋਮਣੀ ਅਕਾਲੀ ਦਲ ਕਰਕੇ ਹੈ ਤਾਂ ਇਸ ਨੂੰ ਬਚਾਉਣਾ ਤੇ ਸਹੀ ਰਾਹ ਪਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸੇ ਫਰਜ਼ ਦੀ ਪੂਰਤੀ ਲਈ ਉਹ ਮੂਹਰੇ ਲੱਗੇ ਹਨ ਜਿਸ ਲਈ ਪੰਜਾਬੀਆਂ ਤੇ ਪੰਥ ਦਰਦੀਆਂ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਇਕੱਠ ਨੂੰ ਭਰੋਸਾ ਦਿਵਾਇਆ ਕਿ ਉਹ ਕਦੇ ਵੀ ਪੰਥ, ਕਿਸਾਨ ਤੇ ਪੰਜਾਬ ਨਾਲ ਗੱਦਾਰੀ ਨਹੀਂ ਕਰਨਗੇ। ਉਨ੍ਹਾਂ ਕਿਹਾ,‘‘ ਜੇ ਅਜਿਹਾ ਹੋਇਆ ਤਾਂ ਉਨ੍ਹਾਂ ਦੀ ਧੌਣ ਲਾਹ ਦਿਉ। ਜੋ ਮੂਹਰੇ ਲੱਗਦਾ ਤੇ ਪਹਿਲਾਂ ਆਵਾਜ਼ ਚੁੱਕਦਾ ਉਸਨੂੰ ਕਾਂਗਰਸ ਦਾ ਏਜੰਟ ਤੇ ਪੰਥ ਵਿਰੋਧੀ ਬਣਾਉਣ ਦਾ ਯਤਨ ਕੀਤਾ ਜਾਂਦਾ। ਆਪ ਭਾਵੇਂ ਜੋ ਮਰਜ਼ੀ ਕਰਨ, ਕੇਂਦਰ ਵਿੱਚ ਵਜ਼ੀਰੀਆਂ ਲੈਣ ਤੇ ਹੋਰ ਲਾਹੇ ਲੈਣ।’’ ਇਹ ਕਹਿ ਕੇ ਉਨ੍ਹਾਂ ਬਿਨਾਂ ਨਾਂ ਲਏ ਬਾਦਲ ਪਰਿਵਾਰ ਵੱਲ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਭਾਵੇਂ ਉਹ ਅੰਮ੍ਰਿਤਧਾਰੀ ਨਹੀਂ ਪਰ ਉਨ੍ਹਾਂ ਕਦੇ ਪੰਥ ਨਾਲ, ਕੌਮ ਨਾਲ ਤੇ ਆਪਣੀਆਂ ਸੰਸਥਾਵਾਂ ਨਾਲ ਨਾ ਕਦੇ ਗੱਦਾਰੀ ਕੀਤੀ ਨਾ ਕਰਨਗੇ। ਉਨ੍ਹਾਂ ਬਾਕਾਇਦਾ ਇਕੱਠ ਨੂੰ 18 ਮਾਰਚ ਤੋਂ ਭਰਤੀ ਸ਼ੁਰੂ ਕਰਨ ਦਾ ਪ੍ਰੋਗਰਾਮ ਵੀ ਦਿੱਤਾ। ਉਨ੍ਹਾਂ ਕਿਹਾ ਕਿ ਢਾਹੀਆਂ ਹੋਈਆਂ ਇਮਾਰਤਾਂ ਤਾਂ ਬਣ ਜਾਂਦੀਆਂ ਪਰ ਸਿਧਾਂਤ ਢਾਹੇ ਜਾਣ ’ਤੇ ਨਹੀਂ ਬਣ ਸਕਦੇ ਤੇ ਅਸੀਂ ਸਿਧਾਂਤ ਹੀ ਢਾਹ ਦਿੱਤੇ ਹਨ। ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਵਿਧਾਇਕ ਇਯਾਲੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਜਿਹੜੇ ਸਿਧਾਂਤਾਂ ’ਤੇ ਡਟ ਕੇ ਪਹਿਰਾ ਦਿੰਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਜਥੇਦਾਰ ਮੱਘਰ ਸਿੰਘ ਵੜੈਚ, ਬੀਬੀ ਸੁਰਿੰਦਰ ਕੌਰ, ਹਰਜੀਵਨ ਸਿੰਘ ਗਿੱਲ, ਬਲਵਿੰਦਰ ਸਿੰਘ ਤਾਜਪੁਰ, ਅਮਰਜੀਤ ਸਿੰਘ ਮੁੱਲਾਂਪੁਰ ਆਦਿ ਹਾਜ਼ਰ ਸਨ।