ਗੁਰੂ ਨਾਨਕ ਸੁਖਸ਼ਾਲਾ ਦੇ ਬਜ਼ੁਰਗਾਂ ਨੂੰ ਸ਼ਰਧਾਂਜਲੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਨਾਨਕ ਸੁਖਸ਼ਾਲਾ ਰਾਜਿੰਦਰ ਨਗਰ ਵਿੱਚ ਬੀਤੇ ਚਾਰ ਮਹੀਨਿਆਂ ਵਿੱਚ ਅਕਾਲ ਚਲਾਣਾ ਕਰ ਗਏ 5 ਬਜ਼ੁਰਗਾਂ ਦੀ ਯਾਦ ਵਿਚ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ, ਗੁਰੂ ਨਾਨਕ ਸੁਖਸ਼ਾਲਾ ਦੀ ਚੇਅਰਪਰਸਨ ਅੰਮ੍ਰਿਤਾ ਕੌਰ ਨੇ ਹਾਜ਼ਰੀ ਭਰਕੇ ਬਜ਼ੁਰਗਾਂ ਨੇ ਨਮਿਤ ਅਰਦਾਸ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਸਿੱਧ ਕਥਾਵਾਚਕ ਭਾਈ ਬੰਤਾ ਸਿੰਘ ਵੱਲੋਂ ਸੰਗਤਾਂ ਨੂੰ ਕਥਾ ਸਰਵਣ ਕਰਵਾਈ ਗਈ। ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਵਾਇਆ ਗਿਆ। ਕਾਲਕਾ ਨੇ ਕਿਹਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰੀਏ।
ਉਨ੍ਹਾਂ ਕਿਹਾ ਇੱਥੇ ਜਿਹੜੇ ਵੀ ਬਜ਼ੁਰਗ ਰਹਿ ਰਹੇ ਹਨ ਉਹ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਥੇ ਹਨ। ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਨ੍ਹਾਂ ਦਾ ਪੂਰਾ ਧਿਆਨ ਰੱਖੀਏ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਨ੍ਹਾਂ ਦੀ ਲੰਗਰ ਪਾਣੀ ਤੋਂ ਲੈ ਕੇ ਸਿਹਤ ਦਾ ਵੀ ਸਾਰਾ ਧਿਆਨ ਰੱਖਿਆ ਜਾਂਦਾ ਹੈ। ਸਮੇਂ ਸਮੇਂ ‘ਤੇ ਇੱਥੇ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ ਤਾਂ ਕਿ ਬਜ਼ੁਰਗਾਂ ਨੂੰ ਕਦੇ ਵੀ ਇਹ ਮਹਿਸੂਸ ਨਾ ਹੋਵੇ ਕਿ ਉਹ ਆਪਣਿਆਂ ਤੋਂ ਦੂਰ ਬੈਠੇ ਹਨ।