ਇੰਤਕਾਲ ਮਾਮਲਾ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਸ ਮਾਰਚ
ਐਨਪੀ ਧਵਨ
ਪਠਾਨਕੋਟ, 7 ਜੂਨ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨੀਮ ਪਹਾੜੀ ਖੇਤਰ ਧਾਰਕਲਾਂ ਵਿੱਚ ਲਾਗੂ ਧਾਰਾ-4 ਕਾਰਨ ਜੰਗਲਾਤ ਵਿਭਾਗ ਵੱਲੋਂ 27 ਹਜ਼ਾਰ 550 ਏਕੜ ਜ਼ਮੀਨ ਨੂੰ ਆਪਣੇ ਨਾਂ ਕੀਤੇ ਗਏ ਇੰਤਕਾਲ ਦੇ ਵਿਰੋਧ ਵਿੱਚ ਕਿਸਾਨਾਂ ਨੇ ਚੱਕੀ ਪੜਾਅ ਤੋਂ ਲੈ ਕੇ ਡੀਸੀ ਦਫ਼ਤਰ ਪਠਾਨਕੋਟ ਤੱਕ ਵਾਹਨਾਂ ਉੱਪਰ ਰੋਸ ਮਾਰਚ ਕੱਢਿਆ। ਉਨ੍ਹਾਂ ਡੀਸੀ ਦਫ਼ਤਰ ਦੇ ਮੁੱਖ ਗੇਟ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਇੰਤਕਾਲ ਰੱਦ ਕਰਨ ਦੀ ਮੰਗ ਲਈ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਰੋਸ ਮਾਰਚ ਕਰਨ ਵਾਲਿਆਂ ਵਿੱਚ ਬੈਰਾਜ ਆਊਸਟੀ ਡੈਮ ਸੰਘਰਸ਼ ਸਮਿਤੀ ਦੇ ਪ੍ਰਧਾਨ ਬਾਲਕਰ ਪਠਾਨੀਆ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਵੰਤ ਸਿੰਘ ਘੋਹ, ਜਸਵੰਤ ਸਿੰਘ ਸੰਧੂ, ਹਰਦੇਵ ਸਿੰਘ ਚਿੱਟੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਿਸ਼ਨ ਗੋਸਵਾਮੀ, ਸਰਪੰਚ ਰੋਸ਼ਨ ਲਾਲ, ਪੂਰਨ ਸਿੰਘ, ਰਵੀਕਾਂਤ ਸ਼ਰਮਾ, ਅਮਰਜੀਤ ਸਿੰਘ, ਜੋਗਿੰਦਰ ਸਿੰਘ, ਸਰਪੰਚ ਕਰਨੈਲ ਸਿੰਘ ਅਤੇ ਸਤਬੀਰ ਸਿੰਘ ਆਦਿ ਸ਼ਾਮਲ ਸਨ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੁਰਖਿਆਂ ਵੇਲੇ ਤੋਂ ਕਾਬਜ਼ ਲੋਕਾਂ ਦੀ 27 ਹਜ਼ਾਰ 550 ਏਕੜ ਭੂਮੀ ਨੂੰ ਜੰਗਲਾਤ ਵਿਭਾਗ ਦੇ ਨਾਂ ਇੰਤਕਾਲ ਕਰ ਦੇਣ ਨਾਲ ਉਹ ਸਾਰੇ ਲੋਕ ਆਪਣੀ ਹੀ ਭੂਮੀ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਨਾਲ ਸ਼ਰ੍ਹੇਆਮ ਧੱਕਾ ਹੈ। ਉਨ੍ਹਾਂ ਧਾਰਕਲਾਂ ਖੇਤਰ ਵਿੱਚ ਲੱਗੇ ਪੀਐਲਪੀਏ ਐਕਟ ਦੀ ਧਾਰਾ-4 ਨੂੰ ਹਟਾਉਣ ਦੀ ਮੰਗ ਵੀ ਕੀਤੀ।