ਦੁਵੱਲੀ ਗੱਲਬਾਤ ’ਚ ਵਾਹਗਾ ਖੋਲ੍ਹਣ ’ਤੇ ਵੀ ਸਹਿਮਤੀ ਬਣਾਈ ਜਾਵੇ: ਧਾਲੀਵਾਲ
ਰਣਬੀਰ ਸਿੰਘ ਮਿੰਟੂ
ਚੇਤਨਪੁਰਾ 11 ਮਈ
ਅੱਜ ਪਰਵਾਸੀ ਭਾਰਤੀ ਮਾਮਲਿਆ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿ ਦਰਮਿਆਨ ਗੋਲੀਬੰਦੀ ਦੀ ਬਣੀ ਸਹਿਮਤੀ ਨੂੰ ਭਾਰਤ ਪਾਕਿ ਵਿਚਾਲੇ ਅਮਨ ਸ਼ਾਂਤੀ ਲਈ ਹਾਂ ਪੱਖੀ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਜੰਗੀ ਤਣਾਅ ਦੀ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪੱਖੋਂ ਨਿੱਜੀ ਦਿਲਚਸਪੀ ਵਿਖਾਉਂਦਿਆਂ ਕਿਸੇ ਵੀ ਜੰਗੀ ਅਣਸੁਖਾਵੀਂ ਸਥਿਤੀ ਨੂੰ ਨਜਿੱਠਣ ਲਈ ਪੁਖ਼ਤਾ ਹੰਗਾਮੀ ਸੇਵਾਵਾਂ ਦੇਣ ਦੀ ਵਿਵਸਥਾ ਕਰਨ ਸਣੇ ਪੰਜਾਬ ਕੈਬਨਿਟ ਦੇ 10 ਮੰਤਰੀਆਂ ਨੂੰ ਸਰਹੱਦੀ ਲੋਕਾਂ ਦੀ ਜੰਗੀ ਹਾਲਤ ’ਚ ਲੋੜੀਂਦੀਆਂ ਪੁਖ਼ਤਾ ਸੇਵਾਵਾਂ ਮੁਹੱਈਆ ਕਰਵਾਉਣ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮੰਤਰੀ ਧਾਲੀਵਾਲ ਨੇ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿੱਚ ਇੱਕ ਸਮਾਜਿਕ ਸਮਾਗਮ ’ਚ ਸ਼ਾਮਲ ਹੋਣ ਸਮੇਂ ਲੋਕਾਂ ਨਾਲ ਜੰਗੀ ਮਾਹੌਲ ਸਬੰਧੀ ਗੱਲਬਾਤ ਕਰ ਰਹੇ ਸਨ। ਸ੍ਰੀ ਧਾਲੀਵਾਲ ਨੇ ਭਾਰਤੀ ਫੌਜ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਭਾਰਤ-ਪਾਕਿ ਗੋਲੀਬੰਦੀ ਦੀ ਪ੍ਰਕਿਰਿਆ ’ਚ ਵੀ ਦੇਸ਼ ਦੀ ਜਾਂਬਾਜ਼ ਫੌਜ ਨੇ ਕਿਸੇ ਵੀ ਤਰ੍ਹਾਂ ਦੇ ਅਤਿਵਾਦ ਨੂੰ ਪਛਾੜਨ ਲਈ ਡਟਵੀਂ ਕਮਾਨ ਸੰਭਾਲੀ ਹੋਈ ਹੈ। ਉਨ੍ਹਾਂ ਨੇ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਨਾਪਾਕ ਸਾਜ਼ਿਸ਼ਾਂ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕੀਤੀ ਅਤੇ ਦਾਅਵਾ ਕੀਤਾ ਕਿ ਚੰਗਾ ਗੁਆਂਢੀ ਹੋਣ ਦੀ ਬਜਾਏ ਅਤਿਵਾਦ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲੈਂਦਿਆਂ ਕੌਮਾਂਤਰੀ ਪੱਧਰ ’ਤੇ ਭਾਰਤ ਵਿਰੋਧੀ ਅਤਿਵਾਦ ਨੂੰ ਸ਼ਹਿ ਦੇਣ ’ਚ ਬੁਰੀ ਤਰ੍ਹਾਂ ਉੱਭਰ ਚੁੱਕੇ ਬੁਰੇ ਗੁਆਂਢੀ ਮੁਲਕ ਪਾਕਿਸਤਾਨ ਹਮੇਸ਼ਾਂ ਪਹਿਲਾਂ ਭਾਰਤ ’ਚ ਅਤਿਵਾਦੀ ਹਮਲੇ ਕਰਵਾ ਕੇ, ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਵਾਰ-ਵਾਰ ਉਲੰਘਣਾ ਕਰਕੇ ਪਿੱਛੋਂ ਫਿਰ ਪਛਤਾਵੇ ਦੀ ਪਹਿਲਕਦਮੀ ਵਜੋਂ ਭਾਰਤ ਨੂੰ ਗੋਲੀਬੰਦੀ ਤੇ ਸ਼ਾਂਤੀ ਦੀ ਅਪੀਲ ਕਰਨ ਦਾ ਆਦੀ ਬਣ ਚੁੱਕਾ ਹੈ। ਸ੍ਰੀ ਧਾਲੀਵਾਲ ਨੇ ਦੇਸ਼ ਦੇ ਸਿਖਰਲੇ ਸੈਨਾ ਮੁਖੀਆਂ ਤੇ ਭਾਰਤ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੀ ਅਪੀਲ ਦੇ ਮੱਦੇਨਜ਼ਰ ਬਕਾਇਦਾ ਰਸਮੀ ਤੌਰ ’ਤੇ ਪਾਕਿ ਨਾਲ ਗੋਲੀਬੰਦੀ ਲਈ ਹੋਣ ਵਾਲੀ ਗੱਲਬਾਤ ਦੀ ਪ੍ਰਕਿਰਿਆ ’ਚ ਪਾਕਿਸਤਾਨ ਕੋਲੋਂ ਹੋਰ ਸ਼ਰਤਾਂ ਮਨਵਾਉਣ ਦੇ ਨਾਲ ਪੰਜਾਬ ’ਚ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੀ ਸ਼ਰਤ ਵੀ ਮਨਵਾ ਲਈ ਜਾਵੇ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਸਰਪੰਚ ਸ਼ੁਬੇਗ ਸਿੰਘ ਗਿੱਲ, ਬੱਬੂ ਚੇਤਨਪੁਰਾ, ਸਰਪੰਚ ਸੁੱਖ ਕੰਦੋਵਾਲੀ, ਨਗਰ ਪੰਚਾਇਤ ਅਜਨਾਲਾ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਪਾਰਟੀ ਦੇ ਸ਼ਹਿਰੀ ਪ੍ਰਧਾਨ ਅਮਿਤ ਔਲ ਮੌਜੂਦ ਸਨ।