ਡਿਊਟੀ ਜਾਂਦੀ ਅਧਿਆਪਕਾ ਨੂੰ ਘੇਰ ਕੇ ਨਕਦੀ ਲੁੱਟੀ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 3 ਜੁਲਾਈ
ਇੱਥੋਂ ਦੇ ਪਿੰਡ ਬੇਗੂ ਤੋਂ ਡਿਊਟੀ ਜਾਂਦੀ ਇਕ ਅਧਿਆਪਕਾ ਤੋਂ ਰਾਹ ’ਚ ਤਿੰਨ ਨਕਾਬਪੋਸ਼ ਲੁਟੇਰੇ ਗਲ ’ਤੇ ਤੇਜ਼ਧਾਰ ਹਥਿਆਰ ਰੱਖ ਕੇ ਪੰਦਰਾਂ ਹਾਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲੀਸ ਨੇ ਅਧਿਆਪਕਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਦਰ ਥਾਣਾ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਪਿੰਡ ਬੇਗੂ ਵਾਸੀ ਪਵਨਦੀਪ ਕੌਰ ਨੇ ਦੱਸਿਆ ਕਿ ਉਹ ਇਕ ਸਕੂਲ ’ਚ ਅਧਿਆਪਿਕਾ ਹੈ ਅਤੇ ਅੱਜ ਸਵੇਰੇ ਉਹ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਸਕੂਲ ਡਿਊਟੀ ’ਤੇ ਜਾ ਰਹੀ ਸੀ ਤਾਂ ਪਿੰਡ ਕੰਗਣਪੁਰ ਦੇ ਨੇੜੇ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਮੋਟਰਸਾਈਕਲ ਉਸ ਦੀ ਸਕੂਟੀ ਅੱਗੇ ਅੜ੍ਹਾ ਕੇ ਉਸ ਨੂੰ ਜਬਰੀ ਰੋਕ ਲਿਆ। ਇਸ ਦੌਰਾਨ ਨਕਾਬਪੋਸ਼ਾਂ ਨੇ ਸਕੂਟੀ ਦੀ ਡਿੱਗੀ ਖੋਲ੍ਹਣ ਲਈ ਕਿਹਾ। ਜਦੋਂ ਉਸ ਨੇ ਸਕੂਟੀ ਦੀ ਡਿੱਗੀ ਖੋਲ੍ਹਣ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਤਿੰਨਾਂ ’ਚੋਂ ਇਕ ਜਣੇ ਨੇ ਉਸ ਦੀ ਗਰਦਨ ’ਤੇ ਕਾਪਾ ਲਾ ਦਿੱਤਾ ਤੇ ਮਾਰਨ ਦੀ ਧਮਕੀ ਦਿੰਦੇ ਹੋਏ ਸਕੂਟੀ ਦੀ ਚਾਬੀ ਕੱਢ ਕੇ ਸਕੂਟੀ ਦੀ ਡਿੱਗੀ ਖੋਲ੍ਹ ਲਈ ਤੇ ਡਿੱਗੀ ’ਚ ਰੱਖੇ ਪੰਦਰਾਂ ਹਾਜ਼ਾਰ ਰੁਪਏ ਕੱਢ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਇਸ ਦੀ ਸੂਚਨਾ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ, ਜਿਸ ਮਗਰੋਂ ਇਸ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਗਈ। ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਦੇ ਨੇੜੇ ਦੇ ਕੈਮਰਿਆਂ ਦੀ ਮਦਦ ਨਾਲ ਨਕਾਬਪੋਸ਼ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਸੋਨੇ ਦੀ ਚੇਨ ਤੇ ਨਕਦੀ ਲੁੱਟਣ ਦੇ ਦੋਸ਼ ਹੇਠ ਕੇਸ ਦਰਜ
ਜ਼ੀਰਾ (ਪੱਤਰ ਪ੍ਰੇਰਕ): ਮੁੱਖ ਚੌਕ ਜ਼ੀਰਾ ਵਿੱਚ ਅਣਪਛਾਤੇ ਵਿਅਕਤੀ 75 ਹਜ਼ਾਰ ਰੁਪਏ ਅਤੇ ਇੱਕ ਸੋਨੇ ਦੀ ਚੇਨ ਖੋਹ ਕੇ ਲੈ ਗਏ। ਅਮਰਿੰਦਰ ਸਿੰਘ ਉਰਫ ਗਿਆਨ ਸਿੰਘ ਵਾਸੀ ਪਿੰਡ ਬੰਡਾਲਾ ਪੁਰਾਣਾ ਜ਼ੀਰਾ ਨੇ ਦੱਸਿਆ ਕਿ ਉਹ ਆਪਣੇ ਫੋਰਟੀ 7 ਸੈਲੂਨ ਤੋਂ 75 ਹਜ਼ਾਰ ਰੁਪਏ ਲੈ ਕੇ ਫਾਈਲ ਲਗਾਉਣ ਲਈ ਹਾਈਫਲਾਈਜ਼ ਆਈਲੈਟਸ ਸੈਂਟਰ ਫਿਰੋਜ਼ਪੁਰ ਰੋਡ ਜ਼ੀਰਾ ’ਤੇ ਜਾ ਰਿਹਾ ਸੀ। ਇਸ ਦੌਰਾਨ ਇੱਕ ਕਰੋਲਾ ਕਾਰ ਉਸ ਦੀ ਕਾਰ ਅੱਗੇ ਆ ਕੇ ਰੁਕ ਗਈ, ਉਹ ਆਪਣੀ ਕਾਰ ਪਿੱਛੇ ਕਰਨ ਲੱਗਾ ਤਾਂ ਇੱਕ ਫਾਰਚੂਨਰ ਗੱਡੀ ਆਈ, ਜਿਸ ਵਿੱਚੋਂ ਪੰਜ ਅਣਪਛਾਤੇ ਵਿਅਕਤੀ ਉਤਰੇ ਤੇ ਉਨ੍ਹਾਂ ਉਸ ਦੀ ਗਲ ਵਿੱਚ ਪਾਈ ਸੋਨੇ ਦੀ ਚੇਨ ਅਤੇ ਪੈਸਿਆਂ ਵਾਲਾ ਬੈਗ ਖੋਹ ਲਿਆ। ਇਸ ਸਬੰਧੀ ਥਾਣਾ ਸਿਟੀ ਜ਼ੀਰਾ ਪੁਲੀਸ ਨੇ ਕੁਲਦੀਪ ਸਿੰਘ ਵਾਸੀ ਸਨ੍ਹੇਰ ਰੋਡ ਜ਼ੀਰਾ, ਮਨੀ ਵਾਸੀ ਸ਼ੇਰ ਖਾਂ ਥਾਣਾ ਕੁੱਲਗੜ੍ਹੀ ਫਿਰੋਜ਼ਪੁਰ ਅਤੇ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।