ਜਾਇਦਾਦ ’ਚ ਹਿੱਸੇ ਲਈ ਔਰਤ ਟੈਂਕੀ ’ਤੇ ਚੜ੍ਹੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਗਸਤ
ਪਿਤਾ ਦੀ ਜਾਇਦਾਦ ਵਿੱਚ ਹਿੱਸਾ ਲੈਣ ਦੀ ਮੰਗ ਨੂੰ ਲੈ ਕੇ ਅੱਜ ਇੱਕ ਔਰਤ ਨੇ ਇੱਥੇ ਰੇਲਵੇ ਸਟੇਸ਼ਨ ਨੇੜੇ ਪਾਣੀ ਦੀ ਟੈਂਕੀ ’ਤੇ ਚੜ੍ਹ ਗਈ, ਜਿਸ ਨੂੰ ਬਾਅਦ ਵਿੱਚ ਪੁਲੀਸ ਵੱਲੋਂ ਭਰੋਸਾ ਦੇ ਕੇ ਹੇਠਾਂ ਉਤਾਰਿਆ ਗਿਆ। ਔਰਤ ਦੀ ਸ਼ਨਾਖਤ ਗੀਤਾ ਦੇਵੀ ਵਜੋਂ ਹੋਈ ਹੈ, ਜੋ ਪਿੰਡ ਭੋਰਸ਼ੀ ਰਾਜਪੂਤਾਂ ਦੀ ਵਸਨੀਕ ਹੈ। ਉਂਜ, ਉਸਦਾ ਪੇਕਾ ਪਰਿਵਾਰ ਕੋਲਕਾਤਾ ਦਾ ਰਹਿਣ ਵਾਲਾ ਹੈ ਅਤੇ ਉਹ ਆਪਣੇ ਪਿਤਾ ਦੀ ਜਾਇਦਾਦ ਵਿਚ ਹਿੱਸੇ ਦੀ ਮੰਗ ਕਰ ਰਹੀ ਹੈ। ਅੱਜ ਦੁਪਹਿਰ ਵੇਲੇ ਇਹ ਔਰਤ ਇੱਥੇ ਜੀਆਰਪੀ ਥਾਣੇ ਨੇੜੇ ਬਣੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਈ, ਜਿੱਥੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਸ ਨੂੰ ਨਿਆਂ ਨਾ ਮਿਲਿਆ ਤਾਂ ਉਹ ਹੇਠਾਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗੀ। ਥਾਣਾ ਸਿਵਲ ਲਾਈਨ ਦੇ ਇੰਚਾਰਜ ਸ਼ਿਵਦਰਸ਼ਨ ਸਿੰਘ ਨੇ ਮੌਕੇ ’ਤੇ ਪੁੱਜ ਕੇ ਔਰਤ ਨੂੰ ਸਮਝਾਉਣ ਦਾ ਯਤਨ ਕੀਤਾ। ਇਸ ਦੌਰਾਨ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਸੱਦ ਲਿਆ ਗਿਆ ਸੀ।
ਇਸ ਔਰਤ ਦਾ ਵਿਆਹ 25 ਸਾਲ ਪਹਿਲਾਂ ਪਿੰਡ ਭੋਰਸ਼ੀ ਰਾਜਪੂਤਾਂ ਦੇ ਇਕ ਵਿਅਕਤੀ ਨਾਲ ਹੋਇਆ ਸੀ। ਉਸ ਦੇ ਪਤੀ ਅਤੇ ਪਿਤਾ ਦੋਵਾਂ ਦੀ ਮੌਤ ਹੋ ਚੁੱਕੀ ਹੈ। ਉਸ ਦੀ ਇੱਕ ਬੇਟੀ ਪਿੰਡ ਵਿੱਚ ਪੜ੍ਹ ਰਹੀ ਹੈ ਜਦੋਂਕਿ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ। ਔਰਤ ਨੇ ਦੋਸ਼ ਲਾਇਆ ਕਿ ਕੋਲਕਾਤਾ ਵਾਲੀ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ ਅਤੇ ਉਸ ਦੇ ਰਿਸ਼ਤੇਦਾਰ ਜ਼ਮੀਨ ਵਿੱਚੋਂ ਉਸ ਦਾ ਹਿੱਸਾ ਦੇਣ ਤੋਂ ਇਨਕਾਰੀ ਹਨ, ਜਿਸ ਕਾਰਨ ਉਹ ਪ੍ਰੇਸ਼ਾਨ ਹੈ। ਉਸ ਨੇ ਪ੍ਰਸ਼ਾਸਨ ਕੋਲੋਂ ਲਿਆਂ ਦੀ ਮੰਗ ਕੀਤੀ ਹੈ।