ਅੰਮ੍ਰਿਤਸਰ ਜ਼ਿਲ੍ਹੇ ਵਿੱਚ 11 ਪ੍ਰਾਜੈਕਟਾਂ ਦੀ ਤਜਵੀਜ਼
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਅਪਰੈਲ
ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਜ਼ਮੀਨ ਦੇ ਡਿੱਗਦੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਨਹਿਰੀ ਮੋਘਿਆਂ ਤੋਂ ਸਿੰਜਾਈ ਕਰਨ ਹਿੱਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ 11 ਪ੍ਰਾਜੈਕਟਾਂ ਰਾਹੀਂ ਲਗਭਗ 365 ਹੈਕਟਰ ਰਕਬਾ ਕਵਰ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਿਸ ਵਿੱਚ ਮੰਡਲ ਭੂਮੀ ਰੱਖਿਆ ਅਫ਼ਸਰ ਰਵਿੰਦਰ ਸਿੰਘ, ਉਪ ਮੰਡਲ ਅਫ਼ਸਰ ਨਹਿਰੀ ਵਿਭਾਗ ਜਸਕਰਨ ਸਿੰਘ ਅਤੇ ਖੇਤੀਬਾੜੀ ਵਿਭਾਗ ਤੋਂ ਪੀ.ਡੀ. ਹਰਨੇਕ ਸਿੰਘ ਸ਼ਾਮਿਲ ਹੋਏ।
ਇਸ ਬਾਰੇ ਮੰਡਲ ਭੂਮੀ ਰੱਖਿਆ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ 11 ਪਿੰਡਾਂ ਕੋਹਾਲਾ, ਵਰਿਆਮ ਨੰਗਲ, ਗੁੰਨੋਵਾਲ, ਕਾਵੇ ਲੇਲੀਆਂ, ਬੂਆ ਨੰਗਲੀ, ਪਠਾਨ ਨੰਗਲ, ਕੰਦੋਵਾਲੀ, ਗੁੱਜਰਪੁਰਾ, ਸਹਿਨੇਵਾਲੀ, ਕੱਥੂਨੰਗਲ ਅਤੇ ਕੁਮਾਸਕਾ ਵਿੱਚ ਕੁੱਲ 11 ਪ੍ਰਾਜੈਕਟਾਂ ਰਾਹੀਂ ਨਹਿਰੀ ਮੋਘਿਆਂ ਤੋਂ ਸਿੰਜਾਈ ਲਈ ਪਾਣੀ ਮੁੱਹਈਆ ਕਰਵਾਇਆ ਜਾਵੇਗਾ, ਜਿਸ ਉੱਪਰ ਸਰਕਾਰ ਵੱਲੋਂ 1 ਕਰੋੜ 88 ਲੱਖ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਰਾਹੀਂ 178 ਲਾਭਪਾਤਰੀਆਂ ਨੂੰ ਖੇਤੀ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਡਿੱਗਣ ਤੋਂ ਬਚਾਇਆ ਜਾ ਸਕੇ।