ਦੋ ਪਾਤਰੀ ਨਾਟਕ ‘ਦੁਪਹਿਰ’ ਨੇ ਤਾੜੀਆਂ ਨਾਲ ਲੁੱਟਿਆ ਮੇਲਾ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 1 ਨਵੰਬਰ
ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕੈਂਪਸ ਵਿਚ ਨਾਟਿਅਮ ਪੰਜਾਬ ਵੱਲੋਂ ਕਰਵਾਏ ਜਾ ਰਹੇ 12ਵੇਂ ਸਾਲਾਨਾ ਨਾਟ-ਮੇਲੇ ਦੌਰਾਨ ਕੱਲ੍ਹ 10ਵੀਂ ਸ਼ਾਮ ਨੂੰ ਰੰਗ ਕਰਮੀ ਕੀਰਤੀ ਕਿਰਪਾਲ ਦੀ ਅਗਵਾਈ ਵਿਚ ਜਾਰੀ 15 ਰੋਜ਼ਾ ਨਾਟਕ ਮੇਲੇ ਵਿਚ ਦਰਸ਼ਕਾਂ ਨੂੰ ਵਿਹਾਨ ਡਰਾਮਾ ਵਰਕਸ ਭੋਪਾਲ (ਮੱਧ ਪ੍ਰਦੇਸ਼) ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ ਦੋ ਪਾਤਰੀ ਨਾਟਕ ‘ਦੁਪਹਿਰ’ ਵੇਖਣ ਨੂੰ ਮਿਲਿਆ। ਨਾਟਕ ਦੌਰਾਨ ਕਲਾਕਾਰਾਂ ਦੀ ਜ਼ਿੰਦਾ ਦਿਲ ਪੇਸ਼ਕਾਰੀ ਅਤੇ ਸ਼ਾਨਦਾਰ ਕਲਾਵਾਂ ਨੇ ਦਰਸ਼ਕਾਂ ਦਾ ਇਸ ਕਦਰ ਮਨ ਜਿੱਤਿਆ ਕਿ ਹਾਲ ਤਾੜੀਆਂ ਨਾਲ ਗੂੰਜ ਉਠਿਆ। ਸ੍ਰੀਕਾਂਤ ਵਰਮਾ ਦਾ ਲਿਖਿਆ ਅਤੇ ਸੌਰਭ ਅਨੰਤ ਵੱਲੋਂ ਨਿਰਦੇਸ਼ਤਿ ਇਹ ਨਾਟਕ ਇੱਕ ਖਿੜੀ ਦੁਪਹਿਰ ਸਮੇਂ ਮਿਲੇ ਦੋ ਬੱਚਿਆਂ ਬਾਰੇ ਸੀ। ਇਸ ਵਿਚ ਵਿਖਾਇਆ ਗਿਆ ਕਿ ਜ਼ਿੰਦਗੀ ਦਾ ਅਸਲ ਲੁਫ਼ਤ ਲੈਣ ਦੇ ਲਈ ਪੜ੍ਹਾਈ ਦੇ ਨਾਲ-ਨਾਲ ਕੁਦਰਤ ਅਤੇ ਹੋਰ ਮਨ ਪ੍ਰਚਾਵੇ ਵੀ ਜ਼ਰੂਰੀ ਹਨ।
ਨਾਟਿਅਮ ਪੰਜਾਬ ਵੱਲੋਂ ਡਰੀਮ ਹਾਈਟਸ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਜਾਰੀ ਇਸ ਕੌਮੀ ਨਾਟਕ ਮੇਲੇ ਦੀ 10ਵੀਂ ਸ਼ਾਮ ਡਾ. ਭੁਪਿੰਦਰ ਸਿੰਘ, ਡਾਇਰੈਕਟਰ ਸਪੋਰਟਸ ਐਂਡ ਯੂਥ ਵੈਲਫੇਅਰ, ਐਮਆਰਐਸ ਪੀਟੀਯੂ ਅਤੇ ਸੀਨੀਅਰ ਪੱਤਰਕਾਰ ਸੁਖਮੀਤ ਭਸੀਨ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਸ਼ਾਮ ਨੂੰ ਆਗਾਜ਼ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵਿਚੋਂ ਸਰਪ੍ਰਸਤ ਸੁਧਰਸ਼ਨ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਡਾ. ਵਤਿੁਲ ਗੁਪਤਾ ਹਾਜ਼ਰ ਸਨ।