ਕੌਮੀ ਗਤਕਾ ਕੱਪ ਦੇ ਦੋ ਰੋਜ਼ਾ ਮੁਕਾਬਲੇ ਸ਼ੁਰੂ
ਹਤਿੰਦਰ ਮਹਿਤਾ
ਜਲੰਧਰ, 4 ਜੂਨ
9ਵਾਂ ਏਕ ਓਂਕਾਰ ਗਤਕਾ ਨੈਸ਼ਨਲ ਕੱਪ ਦੇ ਮੁਕਾਬਲੇ ਨਿਰਮਲ ਕੁਟੀਆ ਸੀਚੇਵਾਲ ਵਿੱਚ ਸ਼ੁਰੂ ਹੋ ਗਏ ਹਨ। ਦੋ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ 21 ਸੂਬਿਆਂ ਦੀਆਂ ਟੀਮਾਂ ਆਈਆਂ ਹਨ। ਗੱਤਕਾ ਕੋਚ ਗੁਰਵਿੰਦਰ ਕੌਰ ਨੇ ਦੱਸਿਆ ਕਿ ਇਹ ਕੌਮੀ ਕੱਪ ਸੰਤ ਅਵਤਾਰ ਸਿੰਘ ਗਤਕਾ ਅਖਾੜਾ ਤੇ ਗਤਕਾ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਟੀਮਾਂ ਵਿੱਚ 650 ਦੇ ਕਰੀਬ ਖਿਡਾਰੀ ਤੇ ਪ੍ਰਬੰਧਕ ਹਿੱਸਾ ਲੈ ਰਹੇ ਹਨ। ਇਸ ਵਿੱਚ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਐੱਸਪੀਐੱਸ ਉਬਰਾਏ ਵੀ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਸਮਾਗਮ ਦੀ ਰਸਮੀ ਸ਼ੁਰੂਆਤ ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਂਝੇ ਤੌਰ ‘ਤੇ ਕੀਤੀ। ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਵਿੱਚ ਪੰਜਾਬ ਦਾ ਜਿਹੜਾ 11ਵਾਂ ਸਥਾਨ ਆਇਆ ਹੈ, ਉਸ ਵਿੱਚ ਗੱਤਕਾ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਖੇਡ ਦੀ ਬਿਹਤਰੀ ਲਈ ਪੰਜਾਬ ਸਰਕਾਰ ਹਰ ਸੰਭਵ ਮੱਦਦ ਕਰੇਗੀ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿਛਲੇ 9 ਸਾਲਾਂ ਤੋਂ ਕਰਵਾਏ ਜਾਂਦੇ ਗਤਕਾ ਮੁਕਾਬਲਿਆਂ ਸਦਕਾ ਸੈਂਕੜੇ ਖਿਡਾਰੀ ਤਿਆਰ ਹੋਏ ਹਨ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੱਤਕਾ ਸਾਡੇ ਗੁਰੂਆਂ ਵੱਲੋਂ ਸਵੈ-ਰੱਖਿਆ ਲਈ ਬਖ਼ਸ਼ਿਸ਼ ਕੀਤੀ ਗਈ ਅਣਮੁੱਲੀ ਦਾਤ ਹੈ। ਇਸ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕੈਬਨਿਟ ਮੰਤਰੀ ਬਲਕਾਰ ਸਿੰੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੰਤਰੀ ਬਣ ਕੇ ਪਹਿਲੀਵਾਰ ਸੀਚੇਵਾਲ ਆਏ ਹਨ। ਉਨ੍ਹਾਂ ਕੋਲ ਜਿਹੜਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਹੈ ਉਹ ਸਿੱਧੇ ਤੌਰ ‘ਤੇ ਵਾਤਾਵਰਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਬਲਕਾਰ ਸਿੰਘ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਸੀਵਰੇਜਾਂ ਵੱਲ ਧਿਆਨ ਦੇਣ।
ਕੌਮੀ ਕੱਪ ਗੱਤਕਾ ਫੈਡਰੇਸ਼ਨ ਦੇ ਉਪ ਪ੍ਰਧਾਨ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਨਿਰਮਲ ਕੁਟੀਆ ਵਿੱਚ ਕੀਤੇ ਪ੍ਰਬੰਧਾਂ ਲਈ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ।
ਕੋਚ ਗੁਰਵਿੰਦਰ ਕੌਰ ਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-14, ਅੰਡਰ 19 ਅਤੇ ਅੰਡਰ 25 ਉਮਰ ਵਰਗ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਭਰ ਤੋਂ ਆਏ ਖਿਡਾਰੀਆਂ ਵਿੱਚ 200 ਦੇ ਕਰੀਬ ਲੜਕੀਆਂ ਵੀ ਹਨ। ਇਨ੍ਹਾਂ ਵਿੱਚ ਫਰੀ ਸੋਟੀ ਤੇ ਸਿੰਗਲ ਸੋਟੀ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਪਹਿਲੀਵਾਰ ਸੀਚੇਵਾਲ ਵਿੱਚ ਮੈਟ ‘ਤੇ ਮੁਕਾਬਲੇ ਕਰਵਾਏ ਗਏ ਹਨ।