ਸ਼ਰਾਬ ਪੀਣ ਤੋਂ ਰੋਕਣ ’ਤੇ ਢਾਬਾ ਮਾਲਕ ਦੀ ਕੁੱਟਮਾਰ
ਹਤਿੰਦਰ ਮਹਿਤਾ
ਜਲੰਧਰ, 14 ਜੂਨ
ਸਥਾਨਕ ਬੱਸ ਸਟੈਂਡ ਨੇੜੇ ਮਨਰਾਮ ਵੈਸ਼ਨੋ ਢਾਬੇ ਵਿੱਚ ਲਗਭਗ ਇੱਕ ਦਰਜਨ ਹਮਲਾਵਰਾਂ ਨੇ ਭੰਨਤੋੜ ਕੀਤੀ ਅਤੇ ਕਰਮਚਾਰੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਹ ਸਾਰੀ ਘਟਨਾ ਮੌਕੇ ’ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਵਿੱਚ ਹਮਲਾਵਰ ਢਾਬੇ ਦੀ ਭੰਨ੍ਹਤੋੜ ਕਰਦੇ ਦਿਖਾਈ ਦੇ ਰਹੇ ਹਨ। ਜ਼ਖਮੀਆਂ ਨੂੰ ਦੇਰ ਰਾਤ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਥਾਣਾ ਡਿਵੀਜ਼ਨ ਨੰਬਰ-6 ਦੇ ਬੱਸ ਸਟੈਂਡ ਚੌਕੀ ਦੀ ਪੁਲੀਸ ਜਾਂਚ ਲਈ ਮੌਕੇ ’ਤੇ ਪਹੁੰਚ ਗਈ। ਢਾਬੇ ਦੇ ਮਾਲਕ ਚੰਦਨ ਕੁਮਾਰ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਦੂਜੇ ਢਾਬੇ ’ਤੇ ਮੌਜੂਦ ਸੀ। ਕੁਝ ਲੋਕ ਸ਼ੁੱਕਰਵਾਰ ਦੇਰ ਰਾਤ ਬੱਸ ਸਟੈਂਡ ਦੇ ਨੇੜੇ ਸਥਿਤ ਢਾਬੇ ’ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਮੇਜ਼ ’ਤੇ ਸ਼ਰਾਬ ਰੱਖੀ ਅਤੇ ਪੀਣ ਲੱਗ ਪਏ। ਜਦੋਂ ਦੁਕਾਨ ’ਤੇ ਮੌਜੂਦ ਪੁੱਤਰ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਕਤ ਲੋਕ ਗੁੱਸੇ ਵਿੱਚ ਆ ਗਿਆ ਅਤੇ ਉਸ ਨਾਲ ਬਦਸਲੂਕੀ ਕਰਨ ਲੱਗ ਪਏ। ਜਦੋਂ ਪੁੱਤਰ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇੇ ਉਸ ’ਤੇ ਘਾਤਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮਾਲਕ ਨੇ ਅੱਗੇ ਕਿਹਾ ਕਿ ਮਾਮਲਾ ਇੱਥੇ ਹੀ ਨਹੀਂ ਰੁਕਿਆ, ਹਮਲਾਵਰਾਂ ਨੇ ਤੁਰੰਤ ਆਪਣੇ ਹੋਰ ਸਾਥੀਆਂ ਨੂੰ ਮੌਕੇ ’ਤੇ ਬੁਲਾਇਆ ਅਤੇ ਢਾਬੇ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਜਿਸ ਤੋਂ ਬਾਅਦ ਪੁਲੀਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਮਾਮਲੇ ਦੇ ਮੁਲਜ਼ਮਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਪਛਾਣ ਹੋਣ ਤੋਂ ਬਾਅਦ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।