ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

12:36 AM Jun 10, 2023 IST

ਅਵਿਜੀਤ ਪਾਠਕ

Advertisement

ਸਾਡੇ ਸਮਾਜ ਵਿਚ ਬਾਬਿਆਂ ਅਤੇ ਧਾਰਮਿਕ ਆਗੂਆਂ ਦੀ ਕੋਈ ਕਮੀ ਨਹੀਂ। ਅਜੋਕੀ ਮੀਡੀਆਮਈ ਦੁਨੀਆ ਵਿਚ ਇਨ੍ਹਾਂ ਦੇ ‘ਕਾਰਨਾਮਿਆਂ’ ਨੂੰ ਚਰਿਤਾਰਥ ਕਰਨ ਵਾਲੇ ਪ੍ਰਤੀਕਾਂ, ਨਾਟਕੀ ਪੇਸ਼ਕਾਰੀਆਂ ਅਤੇ ਮੁਕਤੀ ਦੀਆਂ ਵਿਧੀਆਂ ਦੇ ਪ੍ਰਚਾਰ ਪ੍ਰਸਾਰ ਦਾ ਵੀ ਕੋਈ ਅੰਤ ਨਹੀਂ। ਦਰਅਸਲ, ਇਨ੍ਹਾਂ ਧਾਰਮਿਕ ਰਹੁ-ਰੀਤਾਂ ਦੀ ਬਹੁਵਿਧ ਖਪਤ ਸਾਡੀ ਉਸ ਸਮਾਜਕ ਸਭਿਆਚਾਰਕ ਪੂੰਜੀ ਦੀ ਕਿਸਮ ‘ਤੇ ਮੁਨੱਸਰ ਕਰਦੀ ਹੈ ਜੋ ਸਾਡੇ ਵਰਗੇ ਸ਼ਰਧਾਲੂ ਜਾਂ ਗ੍ਰਾਹਕ ਆਪਣੇ ਬਾਬਿਆਂ ਤੋਂ ਵਿਰਾਸਤ ਦੇ ਰੂਪ ਵਿਚ ਗ੍ਰਹਿਣ ਕਰਦੇ ਹਨ। ਧਿਰੇਂਦਰ ਸ਼ਾਸਤਰੀ ਜਾਂ ਬਗੇਸ਼ਵਰ ਬਾਬੇ ਦੇ ‘ਚਮਤਕਾਰ’ ਅਤੇ ‘ਆਸ਼ੀਰਵਾਦ’ ਸਾਹਵੇਂ ਮੂਰਛਿਤ ਹੋ ਜਾਣ ਵਾਲੇ ਜਾਂ ਸਤਿਗੁਰੂ ਜੱਗੀ ਵਾਸਦੇਵ ਅੱਗੇ ਨਤਮਸਤਕ ਹੁੰਦੇ ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲੇ, ਮਹਾਂਨਗਰ ਵਾਸੀ ਰਈਸ ਲੋਕਾਂ ਨੂੰ ਤੱਕਣ ਲਈ ਤੁਹਾਨੂੰ ਕੋਈ ਸਭਿਆਚਾਰਕ ਮਾਨਵਵਿਗਿਆਨੀ ਹੋਣ ਦੀ ਕਤਈ ਲੋੜ ਨਹੀਂ ਹੈ; ਜਾਂ ਫਿਰ ਇਵੇਂ ਹੀ ਚੋਟੀ ਦੇ ਅਦਾਰਿਆਂ ਦੇ ਉਹ ਯੁਵਾ ਵਿਦਿਆਰਥੀ ਜੋ ਗੌਰ ਗੋਪਾਲ ਦਾਸ ਅਤੇ ‘ਆਪਣੇ ਮਨ ਨੂੰ ਊਰਜਿਤ ਕਰੋ’ ਜਿਹੀਆਂ ਅਧਿਆਤਮਕ ਕੂੰਜੀਆਂ ਪੜ੍ਹਦੇ ਰਹਿੰਦੇ ਹਨ, ਹੇਠਲੇ ਮੱਧ ਵਰਗੀ ਲੋਕ ਹਰਿਦੁਆਰ ਵਿਚ ਪਤੰਜਲੀ ਯੋਗਪੀਠ ਵਿਚ ਇਕੱਤਰ ਹੋ ਕੇ ਰਾਮਦੇਵ ਦੀਆਂ ਯੋਗ ਵਿਧੀਆਂ ਤੇ ਅਯੁਰਵੈਦਿਕ ਦਵਾਈਆਂ ਦਾ ‘ਲਾਹਾ’ ਤੱਕਦੇ ਹਨ।

ਬਿਨਾ ਸ਼ੱਕ, ਇਹ ਬਾਬੇ ਅਸੰਖ ਗ੍ਰਾਹਕਾਂ ਅਤੇ ਸ਼ਰਧਾਲੂਆਂ ਦੇ ਮਨਮਸਤਕ ‘ਤੇ ਕਿੰਝ ਕਾਬਜ਼ ਹਨ, ਇਸ ਨੂੰ ਪ੍ਰਚੱਲਤ ਸਿਆਸੀ ਸਭਿਆਚਾਰ ‘ਤੇ ਝਾਤ ਮਾਰੇ ਬਿਨਾ ਸਮਝਿਆ ਨਹੀਂ ਜਾ ਸਕਦਾ। ਹਿੰਦੂਤਵ ਅਤੇ ਇਸ ਦੇ ਸਿਆਸੀ ਤੇ ਸਭਿਆਚਾਰਕ ਤਾਮ ਝਾਮ ਦੇ ਬੱਝਵੇਂ ਉਭਾਰ ਕਰ ਕੇ ਬਹੁਤ ਸਾਰੇ ਬਾਬਿਆਂ ਨੂੰ ਭੱਲ ਖੱਟਣ ਦਾ ਇਹ ਬਹੁਤ ਹੀ ਸੁਨਹਿਰਾ ਮੌਕਾ ਮਿਲਿਆ ਹੋਇਆ ਹੈ। ਜਿਹੜੇ ਸਿਆਸਤਦਾਨ ਧਰਮ ਨਿਰਲੇਪ ਜਨਤਕ ਖੇਤਰ ਦੇ ਵਿਚਾਰ ਦਾ ਤ੍ਰਿਸਕਾਰ ਕਰਦੇ ਰਹਿੰਦੇ ਹਨ ਅਤੇ ਧਾਰਮਿਕ ਪਛਾਣਾਂ ਦੀ ਅੱਗ ਨਾਲ ਖੇਡਣ ਦਾ ਸ਼ੌਕ ਰੱਖਦੇ ਹਨ, ਉਨ੍ਹਾਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਬਾਬਿਆਂ ਦੀ ਇਹ ਸਨਅਤ ਵਧਦੀ ਫੁੱਲਦੀ ਰਹੇ। ਇਸੇ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਕੱਲ੍ਹ ਬਗੇਸ਼ਵਰ ਬਾਬਾ ‘ਸਨਾਤਨ ਧਰਮ’ ਜਾਂ ‘ਹਿੰਦੂ ਰਾਸ਼ਟਰ’ ਦੇ ਕਾਜ ਦੀ ਪੂਰਤੀ ਦਾ ਨਵਾਂ ਚਿਹਰਾ ਬਣਿਆ ਹੋਇਆ ਹੈ। ਇਸ ਦੌਰਾਨ, ਜ਼ੈੱਨ ਗੁਰੂਆਂ, ਓਸ਼ੋ ਅਤੇ ਜਿੱਦੂ ਕ੍ਰਿਸ਼ਨਾਮੂਰਤੀ ਦੇ ਕਥਨਾਂ ਦੇ ਅਸਾਨੀ ਨਾਲ ਹਵਾਲੇ ਦੇਣ ਵਾਲੇ ਸਤਿਗੁਰੂ ਵਾਸਦੇਵ ਵਰਗੇ ਬਾਬੇ ਗਊ ਰੱਖਿਆ, ਲਵ ਜਹਾਦ ਦੇ ਨਾਂ ‘ਤੇ ਹੁੰਦੀ ਹਜੂਮੀ ਹਿੰਸਾ ਜਿਹੇ ਪ੍ਰੇਸ਼ਾਨਕੁਨ ਮਾਮਲਿਆਂ ‘ਤੇ ਬੜੀ ਚਲਾਕੀ ਨਾਲ ਮੌਨ ਧਾਰਨ ਕਰ ਲੈਂਦੇ ਹਨ। ਕਹਿਣ ਦੀ ਲੋੜ ਨਹੀਂ ਕਿ ਇਸ ਚੁੱਪ ਦੀ ਆਪਣੀ ਸਿਆਸਤ ਹੁੰਦੀ ਹੈ।

Advertisement

ਉਂਝ, ਸਮਾਜਿਕ ਮਨੋਵਿਗਿਆਨ ਦੀਆਂ ਜਟਿਲ ਪਰਤਾਂ ਨੂੰ ਫਰੋਲੇ ਬਗ਼ੈਰ ਬਾਬਿਆਂ ਤੇ ਇਨ੍ਹਾਂ ਦੇ ਗ੍ਰਾਹਕਾਂ ਦਰਮਿਆਨ ਰਿਸ਼ਤੇ ਦੀ ਗਤੀਸ਼ੀਲਤਾ ਦੀ ਥਾਹ ਪਾਉਣੀ ਮੁਸ਼ਕਿਲ ਹੈ। ਅਸੀਂ ਰਹੱਸਮਈ ਹੋਂਦ ਦੀ ਪੀੜ, ਸੰਤਾਪ ਤੇ ਸਦਮੇ ਦੇ ਮਾਹੌਲ ਵਿਚ ਜੀਅ ਰਹੇ ਹਾਂ ਅਤੇ ਅਕਸਰ ਬੰਦਖਲਾਸੀ ਕਰਾਉਣ ਵਾਲੀ ਸਿੱਖਿਆ ਅਤੇ ਨਾਲ ਹੀ ਢੁਕਵੀਂ ਆਰਥਿਕ ਪੂੰਜੀ ਦੀ ਅਣਹੋਂਦ ਵਿਚ ਇਸ ਮਨੋਵਿਗਿਆਨਕ ਝੰਜਟ ਨਾਲ ਸਿੱਝਣ ਲਈ ਵਿਗਿਆਨਕ/ਮੈਡੀਕਲ ਤੇ ਪ੍ਰੋਫੈਸ਼ਨਲ ਇਮਦਾਦ ਹਾਸਲ ਕਰਨਾ ਸੰਭਵ ਨਹੀਂ ਹੁੰਦਾ। ਮਿਸਾਲ ਦੇ ਤੌਰ ‘ਤੇ ਸਮਾਜਿਕ, ਆਰਥਿਕ ਤਲਖੀਆਂ ਦੀ ਭੰਨੀ ਕਿਸੇ ਐਸੀ ਪੇਂਡੂ ਔਰਤ ਬਾਰੇ ਸੋਚ ਕੇ ਦੇਖੋ ਜੋ ਇਹ ਮੰਨਦੀ ਹੋਵੇ ਕਿ ਉਸ ਦੇ ਬੱਚੇ ਦੇ ਦਿਲ ਦਾ ਛੇਕ ਦਾ ਰੋਗ ਬਗੇਸ਼ਵਰ ਜਿਹਾ ਕੋਈ ਬਾਬਾ ਹੀ ਦੂਰ ਕਰ ਸਕਦਾ ਹੈ। ਇਕ ਲੇਖੇ, ਉਸ ਦਾ ਇਹ ਭਰਮ ਪ੍ਰਚੱਲਤ ਅਸਾਵੇਂ ਤੇ ਨਾ-ਬਰਾਬਰ ਸਮਾਜਿਕ, ਆਰਥਿਕ ਤੇ ਸਭਿਆਚਾਰਕ ਪੂੰਜੀ ਦੀ ਅਸਾਵੀਂ ਵੰਡ ਦਾ ਸਿੱਟਾ ਹੈ; ਤੇ ਇਹ ਬਾਬੇ ਹਾਲਾਤ ਦਾ ਫਾਇਦਾ ਉਠਾ ਕੇ ਆਪਣੇ ਚਮਤਕਾਰ ਵੇਚਦੇ ਹਨ ਅਤੇ ਆਪਣੇ ਆਪ ਨੂੰ ਚਕਿਤਸਕ ਦੇ ਤੌਰ ‘ਤੇ ਪੇਸ਼ ਕਰਦੇ ਹਨ ਕਿਉਂਕਿ ਇਸ ਅਸਾਵੇਂ ਅਤੇ ਬੇਕਿਰਕ ਸਮਾਜ ਅੰਦਰ ਗਰੀਬਾਂ ਅਤੇ ਸ਼ੋਸ਼ਿਤਾਂ ਨੂੰ ਜਿਊਂਦੇ ਰਹਿਣ ਲਈ ਕੋਈ ਨਾ ਕੋਈ ਧਰਵਾਸ ਦਰਕਾਰ ਹੁੰਦਾ ਹੈ।

ਇਸੇ ਤਰ੍ਹਾਂ, ਤਕਨੀਕੀ ਤੌਰ ਤੇ ਹੁਨਰਮੰਦ, ਘੁੰਮਣ ਫਿਰਨ ਦੀ ਸ਼ੌਕੀਨ, ਪ੍ਰੋਫੈਸ਼ਨਲ ਅਤੇ ਉਤਸ਼ਾਹੀ ਜਮਾਤ ਨੂੰ ‘ਸਫਲਤਾ’ ਦੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਹਰ ਦਿਨ ਵਕਤ ਦਾ ਖਾਸ ਹਿੱਸਾ ਉਤਪਾਦਕ ਮੰਤਵਾਂ ਦੇ ਲੇਖੇ ਲਾਇਆ ਜਾਂਦਾ ਹੈ ਜਿਸ ਕਰ ਕੇ ਕੋਈ ਵਾਧੂ ਸਮਾਂ ਨਹੀਂ ਹੁੰਦਾ। ਮੈਟਰਨਿਟੀ ਕਲੀਨਿਕ ਵਿਚ ਜਨਮ ਦੇ ਦਿਨ ਤੋਂ ਲੈ ਕੇ ਕਿਸੇ ਮੈਗਾ ਹਸਪਤਾਲ ਦੇ ਆਈਸੀਯੂ ਤੋਂ ਸ਼ਮਸ਼ਾਨਘਾਟ ਪਹੁੰਚਣ ਦੇ ਅੰਤਿਮ ਦਿਨ ਤੱਕ ਜਿ਼ੰਦਗੀ ਤੈਅਸ਼ੁਦਾ ਉਦੇਸ਼ਾਂ ਜਾਂ ਟੀਚਿਆਂ ਦੀ ਸੇਧ ਵਿਚ ਸਿੱਧੀ ਸਤੋਰ ਚਲਦੀ ਰਹਿੰਦੀ ਹੈ, ਕੱਲ੍ਹ ਦੀ ਚਿੰਤਾ ਤੋਂ ਕਦੇ ਮੁਕਤੀ ਨਹੀਂ ਮਿਲਦੀ। ਤਣਾਅ, ਡਰ, ਬੇਵਿਸਾਹੀ, ਬੇਹਿਸਾਬ ਮੁਕਾਬਲੇਬਾਜ਼ੀ, ਨਿਰੰਤਰ ਬੇਚੈਨੀ ਤੇ ਘਬਰਾਹਟ ਉਨ੍ਹਾਂ ਦੀ ਹੋਂਦ ਦੀ ਪਛਾਣ ਬਣ ਜਾਂਦੀ ਹੈ; ਹਾਲਾਂਕਿ ਵਕਤੀ ਤੌਰ ‘ਤੇ ਖਪਤ, ਜਿਨਸੀ ਭੋਗ ਜਾਂ ਸੋਸ਼ਲ ਮੀਡੀਆ ਦੇ ਸਰੂਰ ਤੋਂ ਪਾਸਾ ਵੱਟ ਲੈਣ ‘ਤੇ ਵੀ ਤਾਉਮਰ ਇਸ ਜਜ਼ਬਾਤੀ ਖਲਜਗਣ ‘ਚੋਂ ਨਿਕਲ ਨਹੀਂ ਹੁੰਦਾ। ਇਸ ਕਰ ਕੇ ਇਸ ਜਮਾਤ ਵਾਸਤੇ ਇਕ ਫੈਂਸੀ ਅਧਿਆਤਮਕ ਸਨਅਤ ਹੋਂਦ ਵਿਚ ਆ ਗਈ ਹੈ ਜੋ ਸੁੰਨਤਾ, ਸਾਹ ਪ੍ਰਕਿਰਿਆ ਅਤੇ ਧਿਆਨ ਦੀਆਂ ਵਿਧੀਆਂ ਦੇ ਬ੍ਰਾਂਡਾਂ ਦੇ ਪੈਕੇਜ ਪਰੋਸਦੀ ਤੇ ਵੇਚਦੀ ਹੈ।

ਦਰਅਸਲ, ਇਹ ਵਿਕਲੋਤਰੀਆਂ ਅਧਿਆਤਮਕ ਵਿਧੀਆਂ ਖੁਸ਼ਨੁਮਾ ਅਹਿਸਾਸ ਤਾਂ ਕਰਾਉਂਦੀਆਂ ਹਨ ਪਰ ਇਹ ਇਹ ਅਹਿਸਾਸ ਵਕਤੀ ਸਾਬਿਤ ਹੁੰਦਾ ਹੈ ਪਰ ਇਹ ਬਾਬੇ ਆਪਣੇ ਭਗਤਾਂ ਨੂੰ ਅਧਿਆਤਮਕ ਖਾਲੀਪਣ ਦੀਆਂ ਜੜ੍ਹਾਂ, ਭਾਵ ਉਸ ਪੂੰਜੀਵਾਦੀ ਜਾਂ ਨਵ-ਉਦਾਰਵਾਦੀ ਤਰਕ ਨੂੰ ਚੁਣੌਤੀ ਦੇਣ ਦੀ ਪ੍ਰੇਰਨਾ ਕਦੇ ਨਹੀਂ ਦੇਣਗੇ ਜੋ ਐਰਿਕ ਫਰੌਮ ਦੇ ਸ਼ਬਦਾਂ ‘ਚ ਮਾਨਸਿਕ ਤੌਰ ‘ਤੇ ਬੇਚੈਨ ਅਤੇ ਪਦਾਰਥਕ ਅਤੇ ਸੰਕੇਤਕ ਪਦਾਰਥਕ ਸਾਧਨ ਪੈਦਾ ਕਰਦਾ ਰਹਿੰਦਾ ਹੈ। ਜਿ਼ੰਦਗੀ ਭਰ ਕਿਸੇ ਘੁੜ ਦੌੜ ਦੇ ਘੋੜੇ ਵਾਂਗ ਦੌੜਦੇ ਰਹੋ, ਉਂਝ ਵਿਚ ਵਿਚਾਲੇ ਕਦੇ ਕਦਾਈਂ ਕੋਈ ਦਸ ਕੁ ਦਿਨਾਂ ਦਾ ਮੈਡੀਟੇਸ਼ਨ ਕੈਂਪ ਲਾ ਲਓ ਜਾਂ ਦਿਨ ਭਰ ਦਾ ਅਕੇਵਾਂ ਲਾਹੁਣ ਲਈ ਰਾਹ ਨੂੰ ਪੰਦਰਾਂ ਕੁ ਮਿੰਟ ਲਈ ‘ਮੁਕਤੀ ਦਾ ਕੈਪਸੂਲ’ ਖਾ ਲਓ!

ਇਹ ਠੀਕ ਹੈ ਕਿ ਸਿਆਸਤ ਅਤੇ ਮੰਡੀ ਦੀ ਖੇਡ ਬਣ ਚੁੱਕੇ ਇਸ ਦੌਰ ਵਿਚ ਨਿੱਠ ਕੇ ਸੰਗੀਤਮਈ ਬਣੇ ਰਹਿਣਾ, ਹਉਮੈ ਤੇ ਤਾਕਤ ਦੇ ਨਸ਼ੇ ਤੋਂ ਮੁਕਤ ਹੋ ਕੇ ਪਿਆਰ ਅਤੇ ਖਲੂਸ ਦੀ ਰੌਸ਼ਨੀ ਵਿਚ ਨਹਾਉਣਾ, ਸਰੀਰਕ ਕਸ਼ਟਾਂ ਅਤੇ ਪਦਾਰਥਕ ਸੰਪਦਾ ਜਾਂ ਆਪਣੇ ਪਿਆਰਿਆਂ ਦੀ ਅਣਹੋਂਦ ਵਿਚ ਸ਼ਾਂਤਚਿਤ ਬਣੇ ਰਹਿਣਾ ਸੌਖਾ ਕੰਮ ਨਹੀਂ ਹੈ। ਬਿਲਕੁੱਲ ਇਵੇਂ ਹੀ, ਧਿਆਨਮਈ ਸ਼ਾਂਤੀ ਅਤੇ ਸਮਾਜਿਕ ਤੇ ਢਾਂਚਾਗਤ ਤਬਦੀਲੀ ਦੀ ਪ੍ਰਚੰਡ ਪ੍ਰਕਿਰਿਆ ਵਿਚਕਾਰ ਪੁਲ ਉਸਾਰਨ ਵਾਲੀ ਮੇਲ ਜੋਲ ਦੀ ਧਾਰਮਿਕਤਾ ਨੂੰ ਅਮਲ ਵਿਚ ਲਿਆਉਣਾ ਵੀ ਸੌਖਾ ਕਾਰਜ ਨਹੀਂ ਹੈ ਜਾਂ ਫਿਰ ਜਾਤੀਵਾਦ, ਪਿੱਤਰਸੱਤਾ, ਨਸਲਵਾਦ ਅਤੇ ਸਭ ਤੋਂ ਵਧ ਕੇ ਸਭਿਆਚਾਰ, ਵਾਤਾਵਰਨ, ਸਿੱਖਿਆ ਅਤੇ ਮਨੁੱਖੀ ਰਿਸ਼ਤਿਆਂ ਉਪਰ ਧਾਵਾ ਬੋਲਣ ਵਾਲੇ ਨਵ ਉਦਾਰਵਾਦ ‘ਤੇ ਕਿੰਤੂ ਕਰਦੇ ਹੋਏ ਸਮਾਜਿਕ ਨਿਆਂ ਦੀ ਪਰਿਵਰਤਨਸ਼ੀਲ ਸਿਆਸਤ ਜ਼ਰੀਏ ਅੰਦਰੂਨੀ ਸ਼ਾਂਤੀ ਅਤੇ ਬਾਹਰੀ ਦੁਨੀਆ ਵਿਚ ਅਮਨ ਦੀ ਯਾਤਰਾ ‘ਤੇ ਨਿਕਲਣਾ ਵੀ ਸੌਖਾ ਕੰਮ ਨਹੀਂ ਹੈ।

ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਅਸੀਂ ਆਪਣੀਆਂ ਅੱਖਾਂ ਸਾਹਮਣੇ ਜੋ ਕੁਝ ਹੁੰਦਾ ਤੱਕ ਰਹੇ ਹਾਂ, ਉਹ ਇਸ ਧਾਰਮਿਕਤਾ ਦੀ ਮੌਤ ਹੈ। ਇਸ ਤਰ੍ਹਾਂ ਦੀ ਧਾਰਮਿਕਤਾ ਦੀ ਬਜਾਇ ਅਸੀਂ ਆਪਣੇ ਆਲੇ ਦੁਆਲੇ ਆਡੰਬਰ, ਪੁਜਾਰੀਪੁਣੇ ਅਤੇ ਇਸ ਨਾਲ ਜੁੜੀ ਸਮਾਜਿਕ ਰੂੜੀਵਾਦੀ, ਫਿਰਕੂ/ਵੰਡਪਾਊ ਸਿਆਸਤ ਵਲੋਂ ਸਪਾਂਸਰ ਕੀਤੇ ਗਏ ਆਪੂੰ ਬਣੇ ਸਾਧੂ ਅਤੇ ਫੈਂਸੀ ਮਸ਼ਕਾਂ ਕਰਵਾ ਕੇ ਝਟਪਟ ਨਿਰਵਾਣ ਕਰਾਉਣ ਦਾ ਵਾਅਦਾ ਕਰਨ ਵਾਲੀ ਨਵ-ਉਦਾਰਵਾਦੀ ਅਧਿਆਤਮ ਦੀ ਸਨਅਤ ਦਾ ਪਸਾਰਾ ਤੱਕਦੇ ਹਾਂ।
*ਲੇਖਕ ਸਮਾਜ ਸ਼ਾਸਤਰੀ ਹੈ।

Advertisement
Advertisement