ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਂ ਖੇਡਾਂ ਬਾਰੇ ਕਿਉਂ ਲਿਖਦਾ ਹਾਂ?

08:53 AM Jul 09, 2023 IST

ਸੁਖ਼ਨ ਭੋਇੰ 17

Advertisement

ਪ੍ਰਿੰ. ਸਰਵਣ ਸਿੰਘ

ਆਪਣੀ ਪਹਿਲੀ ਖੇਡ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਦੇ ਮੁੱਖਬੰਧ ’ਚ ਮੈਂ ਲਿਖਿਆ ਸੀ, ‘‘ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ ਉਹ ਕੁਝ ਕਲਮ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾਂ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿੱਥੇ ਤੱਕ ਹੈ?’’
ਮੈਂ ਖ਼ੁਦ ਖਿਡਾਰੀ ਨਾ ਹੁੰਦਾ ਤਾਂ ਸ਼ਾਇਦ ਖੇਡ ਲੇਖਕ ਨਾ ਬਣਦਾ। ਬਲਵੰਤ ਗਾਰਗੀ ਦੇ ਲਿਖੇ ਲੇਖਕਾਂ ਦੇ ਰੇਖਾ ਚਿੱਤਰ ਨਾ ਪੜ੍ਹਦਾ ਤਾਂ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਨਾ ਲੱਗਦਾ। ਸ਼ੁਰੂ ’ਚ ਮੈਂ ਕਹਾਣੀਆਂ ਲਿਖਣ ਲੱਗਾ ਸਾਂ। ਮੇਰੀ ਪਹਿਲੀ ਕਹਾਣੀ ‘ਨੱਚਾਰ’ ਤੇ ਪਹਿਲਾ ਲੇਖ ‘ਮੇਲਾ ਮੁਕਸਰ ਦਾ’ 1965 ਵਿਚ ‘ਆਰਸੀ’ ’ਚ ਛਪੇ ਸਨ। ਫਿਰ ‘ਭਾਰ’, ‘ਨਿਧਾਨਾ ਸਾਧ ਨਹੀਂ’, ‘ਬੁੱਢਾ ਤੇ ਬੀਜ’ ਵਗੈਰਾ ਕਹਾਣੀਆਂ ਛਪੀਆਂ। ਕਿਸੇ ਨਵੇਂ ਲੇਖਕ ਦੀਆਂ ਕਹਾਣੀਆਂ ਸਿਖਰਲੇ ਸਾਹਿਤਕ ਰਸਾਲੇ ਵਿਚ ਛਪਣੀਆਂ ਵੱਡੀ ਛਾਲ ਸੀ। ਵੱਡੀ ਛਾਲ ਮਾਰਨ ਦਾ ਢੋਅ ਮੈਨੂੰ ਇਕ ਟਰੱਕ ਡਰਾਈਵਰ ਨੇ ਢੁਕਾਇਆ ਸੀ।
ਖਿਡਾਰੀ ਹੋਣ ਕਰਕੇ ਮੈਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਸੱਦਾ ਸੀ ਕਿ ਉੱਥੇ ਦਾਖਲ ਹੋਵਾਂ ਤਾਂ ਮੇਰੀ ਐੱਮਏ ਦੀ ਫੀਸ ਤੇ ਹੋਸਟਲ ਦਾ ਖਰਚਾ ਮੁਆਫ਼ ਹੋਵੇਗਾ। ਆਪਣੇ 22ਵੇਂ ਜਨਮ ਦਨਿ ’ਤੇ 8 ਜੁਲਾਈ 1962 ਨੂੰ ਮੈਂ ਚਕਰ ਤੋਂ ਬੱਧਨੀ ਸਾਈਕਲ ਉੱਤੇ, ਬੱਧਨੀ ਤੋਂ ਬੱਸ ’ਤੇ ਮੋਗੇ ਤੇ ਅੱਗੇ ਅੰਮ੍ਰਿਤਸਰ ਜਾਣਾ ਸੀ। ਬੱਧਨੀ ਜਾਂਦਿਆਂ ਸਾਈਕਲ ਪੈਂਚਰ ਹੋ ਗਿਆ, ਬੱਧਨੀਓਂ ਜਿਸ ਬੱਸ ’ਚ ਬੈਠਾ ਉਹ ਖੁੱਭ ਗਈ, ਜਦ ਮੋਗੇ ਪੁੱਜਾ ਤਾਂ ਅੰਮ੍ਰਿਤਸਰ ਜਾਣ ਵਾਲੀ ਆਖ਼ਰੀ ਵੀ ਬੱਸ ਨਿਕਲ ਗਈ। ਖੜ੍ਹੇ-ਖੜ੍ਹੇ ਮਨ ’ਚ ਖ਼ਿਆਲ ਆਇਆ, ਚੱਲ ਦਿੱਲੀ ਦਾ ਖ਼ਾਲਸਾ ਕਾਲਜ ਹੀ ਵੇਖ ਲਈਏ, ਨਾਲੇ ਰਾਤ ਕੱਟੀ ਜਾਊ। ਉੱਥੇ ਚੀਰਾ ਬੱਧੀ ਤੇ ਚਾਦਰਾ ਲਾਈ ਖੜ੍ਹੇ ਬੰਦੇ ਨੂੰ ਮੈਂ ਉਂਜ ਹੀ ਪੁੱਛ ਲਿਆ, ‘‘ਬਾਈ ਜੀ, ਦਿੱਲੀ ਜਾਣ ਨੂੰ ਕੋਟਕਪੂਰੇ ਤੋਂ ਰੇਲ ਗੱਡੀ ਫੜਨੀ ਠੀਕ ਰਹੂ ਜਾਂ ਲੁਧਿਆਣੇ ਤੋਂ?’’ ਉਸ ਨੇ ਪੁੱਛਿਆ, ‘‘ਕਿੰਨੇ ਜਣੇ ਓਂ?’’ ਮੈਂ ਕਿਹਾ, ‘‘ਕੱਲਾ ਈ ਆਂ।’’ ਉਹ ਕਹਿੰਦਾ, ‘‘ਜੇ ’ਕੱਲਾ ਈ ਐਂ ਤਾਂ ਸਾਡੇ ਟਰੱਕ ’ਤੇ ਈ ਚੜ੍ਹਿਆ ਚੱਲ। ਨਾਲੇ ਕਿਰਾਇਆ ਬਚਜੂ।’’ ਦਿੱਲੀ ਟਰੱਕ ਤੋਂ ਉਤਾਰਨ ਵੇਲੇ ਉਸ ਨੇ ਮੈਨੂੰ ਸੁਚੇਤ ਕੀਤਾ, ‘‘ਜੇਬ ਬਚਾ ਕੇ ਰੱਖੀਂ, ਦਿੱਲੀ ’ਚ ਜੇਬਕਤਰੇ ਬਹੁਤ ਆ!’’
ਇਉਂ ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਥਾਂ ਖ਼ਾਲਸਾ ਕਾਲਜ ਦਿੱਲੀ ਜਾ ਦਾਖਲ ਹੋਇਆ ਜਿੱਥੇ ਮੇਰੀ ਜੇਬ ਵੀ ਬਚੀ ਰਹੀ। ਮੈਂ ਕਾਲਜ ਦੀ ਅਥਲੈਟਿਕ ਟੀਮ ਦਾ ਕੈਪਟਨ ਤੇ ਮੈਗਜ਼ੀਨ ਦਾ ਵਿਦਿਆਰਥੀ ਸੰਪਾਦਕ ਬਣ ਗਿਆ। ਮੈਨੂੰ ਦਿੱਲੀ ਦੀ ਪੰਜਾਬੀ ਸਾਹਿਤ ਸਭਾ ’ਚ ਜਾਣ, ਲੇਖਕਾਂ ਨੂੰ ਮਿਲਣ, ਨਵਯੁਗ ਦੀਆਂ ਪ੍ਰਕਾਸ਼ਨਾਵਾਂ ਪੜ੍ਹਨ ਤੇ ਨੈਸ਼ਨਲ ਸਟੇਡੀਅਮ ’ਚ ਪ੍ਰੈਕਟਿਸ ਕਰਨ ਦੇ ਮੌਕੇ ਮਿਲਣ ਲੱਗੇ। ਮੈਂ ਫਾਜ਼ਿਲਕਾ ਕਾਲਜ ਦੀ ਹਾਕੀ ਟੀਮ ਦਾ ਕਪਤਾਨ ਸਾਂ ਤੇ ਮੁਕਤਸਰ ਕਾਲਜ ਦਾ ਬੈਸਟ ਅਥਲੀਟ। ਫਿਰ ਦਿੱਲੀ ਯੂਨੀਵਰਸਿਟੀ ਦਾ ਸ਼ਾਟ ਪੁੱਟ ਚੈਂਪੀਅਨ। ਡਿਸਕਸ ਥਰੋਅ, ਜੈਵਲਨਿ ਤੇ ਤੀਹਰੀ ਛਾਲ ਦੇ ਅੰਕਾਂ ਨਾਲ ਯੂਨੀਵਰਸਿਟੀ ਦਾ ਸੈਕੰਡ ਬੈਸਟ ਅਥਲੀਟ ਬਣ ਗਿਆ। ਖੇਡ ਨੂੰ ਮੈਂ ਜੀਵਨ ਦੀ ਸਭ ਤੋਂ ਖ਼ੂਬਸੂਰਤ ਸਰਗਰਮੀ ਮੰਨਦਾ ਹਾਂ। ਉਨ੍ਹੀਂ ਦਨਿੀਂ ਨੈਸ਼ਨਲ ਸਟੇਡੀਅਮ ’ਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਲਈ ਅਥਲੀਟਾਂ ਦਾ ਕੈਂਪ ਲੱਗ ਗਿਆ। ਜਨਿ੍ਹਾਂ ਅਥਲੀਟਾਂ ਦੀਆਂ ਖ਼ਬਰਾਂ ਮੈਂ ਅਖ਼ਬਾਰਾਂ ’ਚ ਪੜ੍ਹਦਾ ਸਾਂ, ਉਹ ਖੁੱਲ੍ਹੇ ਆਮ ਮਿਲਣ ਲੱਗੇ। ਉਨ੍ਹਾਂ ’ਚ ਮਿਲਖਾ ਸਿੰਘ, ਗੁਰਬਚਨ ਸਿੰਘ, ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ, ਅੰਮ੍ਰਿਤ ਪਾਲ ਤੇ ਤਰਲੋਕ ਸਿੰਘ ਹੋਰੀਂ ਸਨ। ਸਾਰੇ ਏਸ਼ੀਆ ਦੇ ਚੈਂਪੀਅਨ। ਮੈਂ ਸੋਚਿਆ, ਕਿਉਂ ਨਾ ਖਿਡਾਰੀਆਂ ਦੇ ਰੇਖਾ ਚਿੱਤਰ ਲਿਖੇ ਜਾਣ ਜਿਹੜੇ ਕਰੋੜਾਂ ਲੋਕਾਂ ਦੇ ਹੀਰੋ ਹਨ।
ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣੇ ਸ਼ੁਰੂ ਕੀਤੇ ਤਾਂ ਉਹ ਵੀ ਕਹਾਣੀਆਂ ਵਾਂਗ ‘ਆਰਸੀ’ ਵਿਚ ਛਪਣ ਲੱਗੇ। ਗੁਰਬਚਨ ਰੰਧਾਵੇ ਦੇ ਰੇਖਾ ਚਿੱਤਰ ਦਾ ਨਾਂ ‘ਮੁੜ੍ਹਕੇ ਦਾ ਮੋਤੀ’, ਪਰਵੀਨ ‘ਧਰਤੀਧੱਕ’, ਸਰਦਾਰਾ ‘ਅੱਗ ਦੀ ਨਾਲ’, ਮਹਿੰਦਰ ‘ਅਲਸੀ ਦਾ ਫੁੱਲ’, ਜਰਨੈਲ ‘ਕਲਹਿਰੀ ਮੋਰ’, ਪ੍ਰਿਥੀਪਾਲ ‘ਗੁਰੂ ਨਾਨਕ ਦਾ ਗਰਾਈਂ’ ਤੇ ਬਲਬੀਰ ‘ਪੌਣ ਦਾ ਹਾਣੀ’ ਆਦਿ ਰੱਖੇ ਗਏ। ਉਦੋਂ ਖਿਡਾਰੀਆਂ ਬਾਰੇ ਲਿਖਣ ਦਾ ਮੈਦਾਨ ਖਾਲੀ ਪਿਆ ਸੀ। ਮੈਂ ਸੋਚਿਆ, ਕਹਾਣੀਆਂ ਲਿਖਣ ਵਾਲੇ ਤਾਂ ਢੇਰ ਹਨ। ਕਹਾਣੀਆਂ ਲਿਖੀ ਗਿਆ ਤਾਂ ਨਾ ਤਿੰਨਾਂ ’ਚ ਹੋਵਾਂਗਾ ਨਾ ਤੇਰ੍ਹਾਂ ’ਚ। ਖੇਡਾਂ ਬਾਰੇ ਲਿਖਣ ’ਚ ਮੈਂ ਕਿਸੇ ਨੂੰ ਡਾਹੀ ਨਹੀਂ ਦਿੰਦਾ। ਕਹਾਣੀਆਂ ਲਿਖਣ ’ਚ ਗੁਲਜ਼ਾਰ ਸੰਧੂ, ਰਾਮ ਸਰੂਪ ਅਣਖੀ, ਗੁਰਬਚਨ ਭੁੱਲਰ, ਗੁਰਦੇਵ ਰੁਪਾਣੇ ਤੇ ਵਰਿਆਮ ਸੰਧੂ ਵਰਗਿਆਂ ਨੇ ਕਦੋਂ ਰਲਣ ਦੇਣਾ ਸੀ? ਕਹਾਣੀਆਂ ਲਿਖਦਾ ਰਹਿੰਦਾ ਤਾਂ ਪਤਾ ਨਹੀਂ ਮੇਰਾ ਕਿੰਨਵਾਂ ਨੰਬਰ ਹੁੰਦਾ? ਹੁਣ ਮੈਂ ਪਹਿਲੇ ਨੰਬਰ ’ਤੇ ਹਾਂ। ਇਹੋ ਕਾਰਨ ਸੀ ਕਿ ਨਾਮੀ ਕਹਾਣੀਕਾਰ ਬਣਨ ਦੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਮੇਰਾ ਵਧੇਰੇ ਸਮਾਂ ਖੇਡ ਸਾਹਿਤ ਦੇ ਲੇਖੇ ਲੱਗ ਗਿਆ। ਤਦੇ ਮੇਰੀਆਂ ਪੰਜਾਹ ਪੁਸਤਕਾਂ ’ਚੋਂ ਪੱਚੀ ਪੁਸਤਕਾਂ ਖੇਡਾਂ ਖਿਡਾਰੀਆਂ ਬਾਰੇ ਹੀ ਹਨ।

Advertisement

ਦਿੱਲੀ ਏਸ਼ੀਆਡ-82 ਕਵਰ ਕਰਦਿਆਂ ਮੈਂ ਲਿਖਿਆ, ‘‘ਏਸ਼ੀਆ ਦੇ ਜ਼ੋਰ ਤੇ ਜੋਬਨ ਨੇ ਜੋ ਖੇਡ-ਲੀਲ੍ਹਾ ਰਚੀ ਉਹਦਾ ਜਲੌਅ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਭਲਾ ਕੌਣ ਭੁੱਲੇਗਾ ਭਾਰਤ ਦੇ ਲੋਕ ਨਾਚਾਂ ਦੀਆਂ ਝਲਕਾਂ ਜੋ ਨਹਿਰੂ ਸਟੇਡੀਅਮ ਦੇ ਵਿਹੜੇ ’ਚ ਵੇਖੀਆਂ? ਭੰਬੀਰੀਆਂ ਵਾਂਗ ਘੁੰਮਦੀਆਂ ਨੱਢੀਆਂ ਤੇ ਮਸਤੀ ’ਚ ਝੂੰਮਦੇ ਚੋਬਰ। ਰੰਗ ਬਰੰਗੀਆਂ ਪੁਸ਼ਾਕਾਂ, ਸਾਜ਼ਾਂ ਦੀਆਂ ਮਧੁਰ ਧੁਨਾਂ, ਨਾਚੀਆਂ ਦੀਆਂ ਕੂਲੀਆਂ ਅਦਾਵਾਂ ਤੇ ਮਹਿਕਦੀਆਂ ਸੁਗੰਧੀਆਂ। ਅਜਿਹਾ ਰੰਗੀਨ ਸੁਫ਼ਨਾ ਜਿਸ ਵਿਚ ਰੰਗਾਂ ਦਾ ਮੀਂਹ ਵਰ੍ਹਦਾ ਰਿਹਾ...।’’ਮੈਂ ਛੋਟੇ-ਛੋਟੇ ਵਾਕ ਵੀ ਵਾਰ-ਵਾਰ ਸੋਧਦਾ ਹਾਂ। ਮੈਂ ਸਮਝਦਾ ਹਾਂ ਵਾਰਤਕ ਦਾ ਵੀ ਪਿੰਗਲ ਹੈ। ਨਜ਼ਮ ਵਾਂਗ ਨਸਰ ਵਿਚ ਵੀ ਧੁਨੀ ਅਲੰਕਾਰ ਤੇ ਅਰਥ ਅਲੰਕਾਰ ਹੁੰਦੇ ਨੇ। ਸ਼ਬਦ, ਅਰਥਾਂ ਅਨੁਸਾਰ ਹੀ ਨਹੀਂ, ਧੁਨੀ ਦਾ ਧਿਆਨ ਧਰ ਕੇ ਵੀ ਵਰਤਣੇ ਚਾਹੀਦੇ ਨੇ। ਜਿਵੇਂ ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ। ਲੈਅ ਲਈ ਲੱਲੇ ਦੀ ਧੁਨੀ ਵਰਤੀ ਹੈ। ਵਾਕ ਮੰਜੇ ਦੀ ਦੌਣ ਵਾਂਗ ਕਸਣੇ ਤੇ ਮੀਢੀਆਂ ਵਾਂਗ ਗੁੰਦਣੇ ਪੈਂਦੇ ਨੇ। ਸ਼ਬਦ ਬੀੜਨ ਵੇਲੇ ਵੇਖੀਦਾ ਹੈ ਕਿ ਵਾਕ ਲਮਕ ਨਾ ਜਾਵੇ, ਉਹਦੇ ’ਚ ਝੋਲ ਨਾ ਪੈ ਜਾਵੇ। ਇੰਦ੍ਰਿਆਵੀ ਰਸਾਂ ਦਾ ਵੀ ਧਿਆਨ ਰੱਖੀਦਾ ਹੈ। ਵਧੀਆ ਵਾਰਤਕ ਉਹ ਹੁੰਦੀ ਹੈ ਜੀਹਦੇ ’ਚ ਅੱਖਾਂ ਲਈ ਰੰਗ ਹੋਣ, ਕੰਨਾਂ ਲਈ ਧੁਨਾਂ, ਨੱਕ ਲਈ ਸੁਗੰਧਾਂ, ਜੀਭ ਲਈ ਜ਼ਾਇਕਾ ਤੇ ਸਰੀਰ ਲਈ ਸਪੱਰਸ਼ ਹੋਵੇ। ਕਲਾਮਈ ਵਾਰਤਕ ਲਿਖਣੀ ਲੈਅਮਈ ਕਵਿਤਾ ਲਿਖਣ ਦੇ ਤੁੱਲ ਹੈ। ਜਿਵੇਂ ਖਿਡਾਰੀ ਖੇਡ ਦਾ ਅਭਿਆਸ ਕਰਦਾ ਹੈ ਉਵੇਂ ਮੈਂ ਵੀ ਵਗਦੇ ਪਾਣੀ ਤੇ ਰੁਮਕਦੀ ਪੌਣ ਜਿਹੀ ਵਾਰਤਕ ਰਚਣ ਦਾ ਰਿਆਜ਼ ਕਰਦਾ ਰਹਿੰਦਾ ਹਾਂ।

ਮੈਂ ਖੇਡ-ਦ੍ਰਿਸ਼ ਵਿਖਾਉਂਦਾ, ਝੂਲਦੇ ਝੰਡੇ ਤੇ ਖੇਡ ਮੈਦਾਨ ਦੇ ਨਕਸ਼ੇ ਉਲੀਕਦਾ ਹਾਂ। ਖਿਡਾਰੀਆਂ ਦੇ ਭਖਦੇ ਜੁੱਸੇ, ਵਿਸਲਾਂ ਦੀ ਆਵਾਜ਼ ਤੇ ਪੰਡਾਲ ਦੇ ਰੰਗ ਨਿਹਾਰਦਾ ਹਾਂ। ਮੇਰੀਆਂ ਲਿਖਤਾਂ ਵਿਚ ਕਾਫ਼ੀ ਕੁਝ ਹੁੰਦਾ ਹੈ। ਅਨੇਕਾਂ ਰੰਗ ਹੁੰਦੇ ਨੇ, ਰੁੱਖ ਝੂੰਮਦੇ, ਫੁੱਲਾਂ ਦੀ ਖੁਸ਼ਬੋ, ਮੁੜ੍ਹਕੇ ਦੀ ਮਹਿਕ ਤੇ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ। ਕਈ ਕਹਿੰਦੇ ਨੇ ਕਿ ਉਹ ਮੇਰੇ ਖੇਡ ਬਿਰਤਾਂਤ ’ਚੋਂ ਵੀਡੀਓ ਵੇਖ ਲੈਂਦੇ ਨੇ। ਮੈਨੂੰ ਸਾਹਿਤ ਦੇ ਰਸਾਂ ਤੇ ਅਲੰਕਾਰਾਂ ਦਾ ਅਹਿਸਾਸ ਹੈ। ਵਿਸ਼ਵ ਦੇ ਕਲਾਸਿਕ ਨਾਵਲ ਤੇ ਮਹਾਂ ਕਾਵਿ ਪੜ੍ਹਦਿਆਂ ਇੰਦ੍ਰਿਆਵੀ ਰਸਾਂ ਦਾ ਅਨੋਖਾ ਅਨੁਭਵ ਹੋਇਆ। ਪੁਸਤਕ ‘ਸੁਨਹਿਰਾ ਗੁਲਾਬ’ ’ਚੋਂ ਸਾਹਿਤਕ ਛੋਹਾਂ ਦੀ ਸਮਝ ਆਈ। ਹਰ ਲੇਖਕ ਇਕ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ, ਕੁਝ ਸਿੱਖਦਾ ਕੁਝ ਸਿਖਾਉਂਦਾ ਹੈ।
ਖੇਡ ਮੇਲੇ ਦੇ ਬਿਰਤਾਂਤ ’ਚ ਹੁੰਮਸ ਤੇ ਤਪਸ਼, ਕਾਂਬਾ ਤੇ ਕੰਬਣੀ, ਗਰਮ ਪਕੌੜਿਆਂ ਦਾ ਕਰਾਰ, ਤਾਜ਼ੀਆਂ ਜਲੇਬੀਆਂ ਦੀ ਮਿਠਾਸ, ਖਟ-ਮਿੱਠੇ ਸੁਆਦ ਤੇ ਨਿੱਘੀਆਂ ਛੋਹਾਂ ਦਾ ਜ਼ਿਕਰ ਮੈਂ ਇੰਦ੍ਰਿਆਵੀ ਰਸਾਂ ਲਈ ਕਰਦਾ ਹਾਂ। ਕਬੱਡੀ ਦੇ ਜਾਫੀ ਵਾਂਗ ਇਹ ਮੇਰਾ ਪਾਠਕਾਂ ਨੂੰ ਜੱਫਾ ਹੁੰਦਾ ਹੈ। ਗੁੱਟ ਫੜਨਾ, ਧੌਣ ’ਤੇ ਹੱਥ ਰੱਖਣਾ, ਕੈਂਚੀ ਮਾਰਨੀ, ਚਾਕੂ ਵਾਂਗ ’ਕੱਠਾ ਕਰਨਾ, ਮੈਂ ਸਾਰੇ ਦਾਅ ਵਰਤਦਾ ਹਾਂ। ਇਕ ਵਾਰ ਹਰਿੰਦਰ ਮਹਿਬੂਬ ਦੀ ਚਿੱਠੀ ਆਈ ਜਿਸ ’ਚ ਲਿਖਿਆ ਸੀ ਕਿ ਮੇਰਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਉਹ ਰਾਤ ਨੂੰ ਪੜ੍ਹਨ ਲੱਗਾ ਤੇ ਪੂਰਾ ਪੜ੍ਹ ਕੇ ਹੀ ਸੌਂ ਸਕਿਆ। ਮੈਂ ਪਾਠਕਾਂ ਨੂੰ ਫਾਹੁਣ ਲਈ ਕਈ ਜੁਗਤਾਂ ਵਰਤਦਾ ਹਾਂ। ਅਲੰਕਾਰ, ਮੁਹਾਵਰੇ, ਅਖਾਣ ਵਰਤਦਾ ਤੇ ਹਾਸ ਵਿਅੰਗ ਦਾ ਛੱਟਾ ਦਿੰਦਾ ਹਾਂ। ਕਦੇ ਕਦੇ ਮੈਂ ਫਿਲਾਸਫ਼ੀ ਵੀ ਘੋਟ ਬੈਠਦਾ ਹਾਂ:
‘‘ਸ੍ਰਿਸ਼ਟੀ ਦੀ ਸਿਰਜਣਾ ਵੀ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਨਿ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹਾ, ਕੋਈ ਹਾਰ ਰਿਹਾ ਏ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ, ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਆ ਤੇ ਬਾਜ਼ੀ ਪਾ ਰੱਖੀ ਹੈ, ਬਾਜ਼ੀਗਰ ਬਾਜ਼ੀ ਪਾਈ ਸਭ ਖਲਕ ਤਮਾਸ਼ੇ ਆਈ।’’
ਮੈਂ ਅਖ਼ਬਾਰਾਂ/ਰਸਾਲਿਆਂ ਦੇ ਸੰਪਾਦਕਾਂ ਦਾ ਸ਼ੁਕਰਗੁਜ਼ਾਰ ਹਾਂ ਜੋ ਮੈਥੋਂ ਕਾਲਮ ਲਿਖਵਾਈ ਜਾ ਰਹੇ ਨੇ। ਇੱਥੇ ‘ਪੰਜਾਬੀ ਖੇਡ ਸਾਹਿਤ’ ਦਾ ਉਚੇਚਾ ਜ਼ਿਕਰ ਕਰਨਾ ਬਣਦਾ ਹੈ ਜੋ ਕਿਸੇ ਅਕਾਦਮਿਕ ਖੇਡ ਅਦਾਰੇ ਦੇ ਕਰਨ ਕਰਾਉਣ ਵਾਲਾ ਕਾਰਜ ਸੀ, ਪਰ ਉਹ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਸਟਾਫ਼ ਨੇ ਕਰਵਾਇਆ। 2020-22 ਦੌਰਾਨ ਮੈਥੋਂ ਹਰ ਹਫ਼ਤੇ ਖੋਜੀ ਲੇਖ ਲਿਖਵਾਏ ਗਏ। ਪੂਰੇ ਪੰਨੇ ਦੀਆਂ 111 ਕਿਸ਼ਤਾਂ ਛਾਪੀਆਂ। ਉਨ੍ਹਾਂ ਨਾਲ ਚਾਰ ਪੁਸਤਕਾਂ ਪ੍ਰਕਾਸ਼ਿਤ ਹੋਈਆਂ: ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ‘ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’।
ਹੁਣ ਖੋਜਾਰਥੀਆਂ ਨੂੰ ਯੂਨੀਵਰਸਿਟੀਆਂ ਵੱਲੋਂ ‘ਪੰਜਾਬੀ ਖੇਡ ਸਾਹਿਤ’ ਦੇ ਵਿਸ਼ੇ ’ਤੇ ਐਮਫਿਲ ਤੇ ਪੀਐਚਡੀ ਦੀਆਂ ਡਿਗਰੀਆਂ ਮਿਲਣ ਲੱਗੀਆਂ ਹਨ। ਪੰਜਾਬੀ ’ਚ ਦੋ ਕੁ ਸੌ ਖੇਡ ਪੁਸਤਕਾਂ ਛਪ ਚੁੱਕੀਆਂ ਹਨ। ਮੈਨੂੰ ਖ਼ੁਸ਼ੀ ਹੈ ਕਿ ਮੈਂ ਸਭ ਤੋਂ ਵੱਧ ਖੇਡ ਪੁਸਤਕਾਂ ਲਿਖ ਸਕਿਆ ਹਾਂ। ਉਂਜ ਖੇਡਾਂ ਖਿਡਾਰੀਆਂ ਬਾਰੇ ਲਿਖਣਾ ਮੇਰਾ ਪੇਸ਼ਾ ਨਹੀਂ, ਸ਼ੌਕ ਤੇ ਜਨੂੰਨ ਹੈ। ਰੋਟੀ ਤਾਂ ਮੇਰੀ ਪੰਜਾਬੀ ਦੀ ਪ੍ਰੋਫ਼ੈਸਰੀ ਤੇ ਕਾਲਜ ਦੀ ਪ੍ਰਿੰਸੀਪਲੀ ਸਿਰੋਂ ਚਲਦੀ ਰਹੀ ਪਰ ਸ਼ੁਹਰਤ ਖੇਡਾਂ ਖਿਡਾਰੀਆਂ ਬਾਰੇ ਲਿਖਦਿਆਂ ਖੱਟੀ!
ਕਦੇ ਮੈਂ ਲਿਖਿਆ ਸੀ, ‘‘ਬੰਦੇ ਦੇ ਬੁਲੰਦ ਜੇਰੇ ਅੱਗੇ ਐਵਰੈਸਟ ਵਰਗੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਮੁੱਢ ਕਦੀਮ ਤੋਂ ਮਨੁੱਖ ਦੇ ਜਾਏ ਕੁਦਰਤੀ ਸ਼ਕਤੀਆਂ ਨਾਲ ਜੂਝਦੇ ਆਏ ਹਨ। ਖੇਡਾਂ ਮਨੁੱਖ ਦੀ ਜੁਝਾਰੂ ਸ਼ਕਤੀ ਵਿਚ ਵਾਧਾ ਕਰਨ ਲਈ ਹਨ। ਖੇਡ ਮੈਦਾਨਾਂ ਵਿਚ ਬੰਦੇ ਦੀ ਦ੍ਰਿੜ੍ਹਤਾ ਤੇ ਜਿੱਤਾਂ ਜਿੱਤਣ ਲਈ ਸਿਰੜ ਦਾ ਪਤਾ ਲੱਗਦਾ ਹੈ। ਮਨੁੱਖ ਫ਼ਤਹਿ ਹਾਸਲ ਕਰਨ ਲਈ ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇਕ ਪਾਸੇ ਉਹ ਮਨ ਜਿੱਤਣ ਦੇ ਆਹਰ ਵਿਚ ਹੈ ਤੇ ਦੂਜੇ ਪਾਸੇ ਜੱਗ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ ਪਿੱਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ।’’
ਅਜੇ ਮੇਰੀ ਕਲਮ ਦੀ ਮੈਰਾਥਨ ਜਾਰੀ ਹੈ ਤੇ ਤਦ ਤਕ ਜਾਰੀ ਰਹੇਗੀ ਜਦੋਂ ਤਕ ਡਿੱਗ ਨਹੀਂ ਪੈਂਦਾ।
ਈ-ਮੇਲ: principalsarwansingh@gmail.com

Advertisement
Tags :
ਕਿਉਂਖੇਡਾਂਬਾਰੇਲਿਖਦਾ
Advertisement