ਨਸ਼ੇ ਦੀ ਭੇਟ ਚੜ੍ਹੀ ਇਕਲੌਤੀ ਸੰਤਾਨ ਨਾਲ ਮਾਂ ਦਾ ਸੰਸਾਰ ਉਜੜਿਆ
ਜੈਸਮੀਨ ਭਾਰਦਵਾਜ
ਨਾਭਾ,18 ਅਗਸਤ
ਨਾਭਾ ਹਲਕੇ ਵਿਚ ਪੈਂਦੇ ਖੁਰਦ ਪਿੰਡ ਵਿਚ ਉਸ ਸਮੇ ਮਾਤਮ ਛਾ ਗਿਆ ਜਦੋ ਪਤਾ ਲੱਗਾ ਕਿ ਪਿੰਡ ਦਾ ਇੱਕ 23 ਸਾਲਾ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ। ਪਿਛਲੇ ਦਨਿਾਂ ਤੋਂ ਲਾਪਤਾ ਲਵਪ੍ਰੀਤ ਸਿੰਘ ਦੀ ਲਾਸ਼ ਅਮਰਗੜ੍ਹ ਦੇ ਨੇੜੇ ਦੇ ਇਕ ਪਿੰਡ ਵਿੱਚੋਂ ਮਿਲੀ ਅਤੇ ਉਸ ਦੇ ਹੱਥ ਵਿਚ ਖਾਲੀ ਸਰਿੰਜ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਮਾਤਾ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਕੋਈ ਦਵਾਈ ਲੈਣ ਚੱਲਿਆ ਹੈ ਪਰ ਉਹ ਵਾਪਿਸ ਨਾ ਆਇਆ। ਪਿੰਡ ਝੱਲ ਦੇ ਸ਼ੈਲਰਾਂ ਨਜ਼ਦੀਕ ਮੋਟਰਸਾਈਕਲ ਸਮੇਤ ਮਿਲੀ ਲਾਸ਼ ਦੇ ਕਾਫੀ ਸੜ ਚੁੱਕੇ ਜਾਣ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਹੋਈ ਨੂੰ ਕੁੱਝ ਦਿਨ ਬੀਤ ਚੁੱਕੇ ਹਨ।ਪਿੰਡ ਦੇ ਸਰਪੰਚ ਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਵੀ ਨਸ਼ੇ ਦੀ ਆਦਤ ਕਾਰਨ ਹੀ ਸਿਹਤ ਖ਼ਰਾਬ ਹੋਈ ਸੀ ਅਤੇ ਉਸਦੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ। ਲਵਪ੍ਰੀਤ ਆਪਣੇ ਮਾਤਾ-ਪਿਤਾ ਦੀ ਇਕੱਲੀ ਸੰਤਾਨ ਸੀ। ਪਤੀ ਅਤੇ ਪੁੱਤਰ ਨੂੰ ਗੁਆ ਕੇ ਸਦਮੇ ਵਿੱਚ ਡੁੱਬੀ ਇਸ ਮਹਿਲਾ ਨਾਲ ਗੱਲ ਨਹੀ ਹੋ ਸਕੀ।
ਅਮਰਗੜ੍ਹ ਥਾਣੇ ਵਿਚ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਪਿੱਛੋਂ ਲਾਸ਼ ਨੇ ਪਰਿਵਾਰ ਦੇ ਹਵਾਲਾ ਕਰ ਦਿੱਤਾ ਗਿਆ ਹੈ ਅਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਕਾਰਨ ਨਾ ਮਾਲੂਮ ਵਿਅਕਤੀਆਂ ਉੱਪਰ ਆਈ ਪੀ ਸੀ ਦੀ ਧਾਰਾ ੩੦੪ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।