ਸੇਵਾਮੁਕਤ ਮੁਲਾਜ਼ਮਾਂ ਵੱਲੋਂ ਪਾਵਰਕੌਮ ਖ਼ਿਲਾਫ਼ ਰੈਲੀਆਂ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਮਈ
ਪਾਵਰਕੌਮ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਪਾਵਰਕੌਮ ਅਤੇ ਟ੍ਰਾਂਸਕੋ ਦੇ ਸੱਦੇ ’ਤੇ ਪਾਤੜਾਂ ਵਿੱਚ ਆਪਣੀਆਂ ਮੰਗਾਂ ਦੇ ਹੱਕ ’ਚ ਡਿਵੀਜ਼ਨ ਪ੍ਰਧਾਨ ਖਿਆਲੀ ਰਾਮ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ। ਮੁੱਖ ਬੁਲਾਰੇ ਸਾਥੀ ਬਲਵਿੰਦਰ ਸਿੰਘ ਸਰਕਲ ਮੀਤ ਪ੍ਰਧਾਨ ਸਰਕਲ ਸੰਗਰੂਰ, ਕਰਨੈਲ ਸਿੰਘ ਸਾਬਕਾ ਆਗੂ ਰਣਬੀਰ ਸਿੰਘ ਡਿਵੀਜ਼ਨ ਆਗੂ ਅਤੇ ਬਲਵੰਤ ਸ਼ਰਮਾ ਡਿਵੀਜ਼ਨ ਆਗੂ ਨੇ ਮੰਗ ਕੀਤੀ ਕਿ ਇੱਕ ਜਨਵਰੀ 2016 ਤੋਂ 30 ਜੂਨ 2021 ਤੱਕ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਨਵੇਂ ਸੋਧੇ ਸਕੇਲਾਂ ਦਾ ਬਕਾਇਆ, ਲੀਵ ਇਨਕੈਸ਼ਮੈਂਟ ਦੇ ਬਕਾਇਆਂ ਦੀ ਅਦਾਇਗੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਪਰੈਲ ਵਿੱਚ ਕਰਨੀ ਬਣਦੀ ਸੀ ਪਰ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਇਸ ਦੀ ਅਦਾਇਗੀ ਜਾਣਬੁੱਝ ਕੇ ਨਹੀਂ ਕੀਤੀ ਗਈ। ਜਿਨ੍ਹਾਂ ਪੈਨਸ਼ਨਰਜ਼ ਸਾਥੀਆਂ ਨੂੰ ਟੈਕਸ ਨਹੀਂ ਪੈਂਦਾ, ਉਨ੍ਹਾਂ ਦੀ ਕੋਈ ਕਟੌਤੀ ਕਰਨੀ ਨਹੀਂ ਬਣਦੀ ਪਰ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਇਸ ਦੀ ਕਟੌਤੀ ਲਗਾਤਾਰ ਕੀਤੀ ਜਾ ਰਹੀ ਹੈ। ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਗਾ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਦੀ ਕਾਰਵਾਈ ਡਿਵੀਜ਼ਨ ਸਕੱਤਰ ਸਾਥੀ ਸਤਪਾਲ ਸ਼ਰਮਾ ਨੇ ਨਿਭਾਈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੈਨਸ਼ਨਰਜ਼ ਐਸੋਸੀਏਸ਼ਨ ਲਹਿਰਾਗਾਗਾ ਵੱਲੋਂ ਪਾਵਰਕੌਮ ਦੇ ਦਫ਼ਤਰ ਅੱਗੇ ਗੇਟ ਰੈਲੀ ਕਰ ਕੇ ਐਸੋਸੀਏਸ਼ਨ ਦਾ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਪੈਨਸ਼ਨਰਾਂ ਨੇ ਨਵੇਂ ਸਕੇਲਾਂ ਦਾ ਏਰੀਅਰ ਨਾ ਪਾਉਣ ਦੇ ਰੋਸ ਵਜੋਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਕਲ ਪ੍ਰਧਾਨ ਸੀਤਾ ਰਾਮ ਸ਼ਰਮਾ, ਸਰਕਲ ਸਹਾਇਕ ਸਕੱਤਰ ਗੁਰਨਾਮ ਸਿੰਘ, ਡਿਵੀਜ਼ਨ ਦੇ ਪ੍ਰਧਾਨ ਗੁਰਚਰਨ ਸਿੰਘ, ਸਕੱਤਰ ਜਗਦੇਵ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਮੰਗਤ ਸਿੰਘ ਮੂਨਕ ਆਦਿ ਹਾਜ਼ਰ ਸਨ।