ਘੱਟ ਗਿਣਤੀ ਤੇ ਦਲਿਤ ਫਰੰਟ ਦਾ ਵਫ਼ਦ ਡੀਸੀ ਨੂੰ ਮਿਲਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਮਈ
ਸ਼ਹੀਦ ਬਾਬਾ ਜੈ ਸਿੰਘ ਖਲਕਟ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਕਮੇਟੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਭਾਰਤੀ ਘੱਟ ਗਿਣਤੀ ਅਤੇ ਦਲਿਤ ਫਰੰਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਛੀ ਦੀ ਅਗਵਾਈ ਹੇਠ ਵਫ਼ਦ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਮਿਲਿਆ। ਵਫ਼ਦ ਨੇ ਡੀਸੀ ਨੂੰ ਦੱਸਿਆ ਕਿ ਪਿੰਡ ਬਾਰੇ ਵਿੱਚ ਸ਼ਹੀਦ ਬਾਬਾ ਜੈ ਸਿੰਘ ਖਲਕਟ ਦਾ ਪਾਵਨ ਅਸਥਾਨ ਹੈ ਅਤੇ ਗੁਰਦੁਆਰਾ ਸਾਹਿਬ ਦੀ ਕੰਧ ਦਾ ਇੱਕ ਹਿੱਸਾ ਛੱਪੜ ਕਾਰਨ ਬੈਠਣਾ ਸ਼ੁਰੂ ਹੋ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਛੱਪੜ ਨੂੰ ਭਰਨ ਦੀ ਮੰਗ ਵੀ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ, ਸੈਕਟਰੀ ਰੇਸ਼ਮ ਸਿੰਘ ਅਤੇ ਘੱਟ ਗਿਣਤੀ ਆਗੂ ਜੋਗਿੰਦਰ ਸਿੰਘ ਪੰਛੀ ਨੇ ਛੱਪੜ ਵਿਚ ਰੁਕੀ ਪਈ ਕੰਧ ਨੂੰ ਵਿਖਾਇਆ ਕਿ ਇਸ ਕੰਧ ਦਾ ਕੰਮ ਅਧੂਰਾ ਪਿਆ ਹੈ, ਜੇ ਇਸ ਕੰਮ ਨੂੰ ਮੁਕੰਮਲ ਨਹੀਂ ਕਰਵਾਇਆ ਜਾਂਦਾ ਤਾਂ ਗੁਰਦੁਆਰਾ ਸਾਹਿਬ ਦਾ ਇਕ ਹਿੱਸਾ ਡਿੱਗਣ ਨਾਲ ਵੱਡੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੇ ਇਸ ਸਬੰਧ ਵਿਚ ਏਡੀਸੀ ਪਟਿਆਲਾ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਵਫ਼ਦ ਵਿਚ ਤਰਵਿੰਦਰ ਸਿੰਘ, ਪਰਮਜੀਤ ਸਿੰਘ ਸੰਧੂ, ਬਲਵਿੰਦਰ ਸਿੰਘ ਭੱਟੀ, ਗਿਆਨੀ ਦਿੱਤ ਸਿੰਘ ਸੇਵਾ ਸੁਸਾਇਟੀ, ਸ਼ੇਰ ਸਿੰਘ, ਕਮਲਦੀਪ ਸਿੰਘ ਤੇ ਜਰਨੈਲ ਸਿੰਘ ਆਦਿ ਸ਼ਾਮਲ ਸਨ।