ਸਾਉਣ ਮਹੀਨਾ ਵਰ੍ਹੇ ਮੇਘਲਾ...
ਗੁਰਜੀਤ ਸਿੰਘ ਟਹਿਣਾ
ਗਰਮੀ ਦੇ ਮੌਸਮ ਵਿੱਚ ਚਾਰੇ ਪਾਸੇ ਤਪਸ਼ ਭਰਿਆ ਵਾਤਾਵਰਨ ਹੁੰਦਾ ਹੈ। ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ’ਤੇ ਵੀ ਇਸ ਦਾ ਡੂੰਘਾ ਅਸਰ ਪੈਂਦਾ ਹੈ। ਗੱਲ ਕੀ ਸਾਰੀ ਕੁਦਰਤ ਲਗਾਤਾਰ ਪੈ ਰਹੀ ਗਰਮੀ ਦੇ ਪ੍ਰਕੋਪ ਕਰਕੇ ਝੁਲਸ ਜਾਂਦੀ ਹੈ। ਹਰ ਕੋਈ ਗਰਮੀ ਤੋਂ ਰਾਹਤ ਪਾਉਣਾ ਚਾਹੁੰਦਾ ਹੈ, ਏਨੇ ਤਪਸ਼ ਤੇ ਹੁੰਮਸ ਭਰੇ ਦਨਿਾਂ ਵਿੱਚ ਜਦੋਂ ਕਿਧਰੇ ਅਸਮਾਨ ਵਿੱਚ ਬੱਦਲ ਦਿਖਾਈ ਦਿੰਦੇ ਹਨ ਤਾਂ ਮੀਂਹ ਪੈਣ ਅਤੇ ਗਰਮੀ ਦੇ ਘੱਟ ਹੋਣ ਦੀ ਉਮੀਦ ਬੱਝਦੀ ਹੈ। ਨਿੱਕੇ ਬੱਚੇ ਉੱਚੀ ਉੱਚੀ ਗਾਉਂਦੇ ਹਨ:
ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਵਰਸਾ ਦੇ ਜ਼ੋਰੋ ਜ਼ੋਰ।
ਪੰਜਾਬ ਅੰਦਰ ਵੀ ਵਰਖਾ ਰੁੱਤ ਭਾਵ ਸਾਉਣ ਦੇ ਮਹੀਨੇ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾਂਦੀ ਹੈ। ਗਰਮੀ ਦੇ ਕਾਰਨ ਮੁਰਝਾਏ ਚਿਹਰਿਆਂ ’ਤੇ ਜਦੋਂ ਸਾਉਣ ਦੇ ਮੀਂਹ ਦੀਆਂ ਫੁਹਾਰਾਂ ਪੈਂਦੀਆਂ ਹਨ ਤਾਂ ਚਿਹਰੇ ਟਹਿਕਣ ਲੱਗ ਜਾਂਦੇ ਹਨ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉੱਥੇ ਰੋਜ਼ਾਨਾ ਦੇ ਕੰਮਾਂ ਕਾਰਾਂ ਤੋਂ ਵੀ ਥੋੜ੍ਹੀ ਰਾਹਤ ਮਿਲਦੀ ਹੈ। ਦਰੱਖਤਾਂ ’ਤੇ ਨਵੀਆਂ ਕਰੁੰਬਲਾਂ ਫੁੱਟਦੀਆਂ ਹਨ। ਨਿੱਖਰੀ ਕੁਦਰਤ ਵਿੱਚੋਂ ਲੰਘਦੀ ਹਵਾ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਗੁਲਾਬ ਦੇ ਫੁੱਲਾਂ ਵਿੱਚ ਲੰਘਦੇ ਹੋਏ ਤਾਜ਼ੇਪਣ ਦਾ ਅਹਿਸਾਸ ਹੁੰਦਾ ਹੈ। ਕੁੜੀਆਂ ਘੇਰਾ ਬਣਾ ਕੇ ਗਿੱਧੇ ਦੇ ਨਾਲ ਬੋਲੀਆਂ ਪਾ ਕੇ ਨੱਚਦੀਆਂ ਸਨ। ਇੱਕ ਜਾਂ ਦੋ ਕੁੜੀਆਂ ਬੋਲੀ ਪਾਉਣੀ ਸ਼ੁਰੂ ਕਰਦੀਆਂ ਤਾਂ ਬਾਕੀ ਕੁੜੀਆਂ ਹੌਲੀ-ਹੌਲੀ ਤਾਲ ਦਿੰਦੀਆਂ। ਆਖਰੀ ਤੁਕ ’ਤੇ ਸਾਰੀਆਂ ਕੁੜੀਆਂ ਬੋਲੀ ਚੁੱਕਦੀਆਂ। ਪੂਰੇ ਜ਼ੋਰ ਨਾਲ ਗਿੱਧਾ ਪਾਇਆ ਜਾਂਦਾ ਅਤੇ ਘੇਰੇ ਦੇ ਵਿਚਕਾਰ ਦੋ ਜਾਂ ਵੱਧ ਕੁੜੀਆਂ ਨੱਚਦੀਆਂ। ਸਾਉਣ ਮਹੀਨੇ ਦੇ ਗੀਤ ਗਾਉਂਦੀਆਂ, ਬੋਲੀਆਂ ਪਾਉਂਦੀਆਂ:
ਸਾਉਣ ਮਹੀਨਾ ਵਰ੍ਹੇ ਮੇਘਲਾ
ਲਿਸ਼ਕੇ ਜ਼ੋਰੋ ਜ਼ੋਰ।
ਨੀਂ ਦਨਿ ਤੀਆਂ ਦੇ ਆਏ
ਪੀਂਘਾਂ ਲੈਣ ਹੁਲਾਰੇ ਜ਼ੋਰ।
ਸਹੁਰੇ ਗਈਆਂ ਧੀਆਂ ਇਸ ਮਹੀਨੇ ਪੇਕੇ ਘਰ ਆਉਂਦੀਆਂ ਹਨ ਅਤੇ ਸਾਉਣ ਦੇ ਮਹੀਨੇ ਪੇਕੇ ਘਰ ਹੀ ਰਹਿੰਦੀਆਂ ਹਨ। ਜੇਕਰ ਕਿਸੇ ਮਜਬੂਰੀ ਕਾਰਨ ਪਤੀ ਲੈਣ ਵੀ ਆ ਜਾਦਾਂ ਤਾਂ ਉਸ ਨੂੰ ਬੋਲੀ ਵਿੱਚ ਵਰਜਦੀਆਂ:
ਸਾਉਣ ਦਾ ਮਹੀਨਾ
ਬਾਗਾਂ ਵਿੱਚ ਬੋਲਣ ਮੋਰ ਵੇ।
ਮੈਂ ਨਹੀਂ ਸਹੁਰੇ ਜਾਣਾ
ਗੱਡੀ ਨੂੰ ਖਾਲੀ ਮੋੜ ਵੇ।
ਜੋ ਧੀਆਂ ਇਸ ਮਹੀਨੇ ਪੇਕੇ ਘਰ ਨਹੀਂ ਆ ਸਕਦੀਆਂ, ਉਨ੍ਹਾਂ ਨੂੰ ਸਹੁਰੇ ਘਰ ਹੀ ਪਕਵਾਨ ‘ਸੰਧਾਰੇ’ ਦੇ ਰੂਪ ਵਿੱਚ ਭੇਜੇ ਜਾਂਦੇ ਹਨ ਜਿਸ ਵਿੱਚ ਘਰ ਬਣਾਈਆਂ ਮੱਠੀਆਂ, ਗੁਲਗਲੇ, ਬਿਸਕੁਟ, ਹਾਰ ਸ਼ਿੰਗਾਰ ਦਾ ਸਾਮਾਨ, ਵੰਗਾਂ, ਸੂਟ ਤੇ ਸ਼ਗਨ ਲਈ ਨਗਦੀ ਵਗੈਰਾ ਹੁੰਦੀ।
ਹਾਰ ਸ਼ਿੰਗਾਰ ਤੇ ਰੰਗ ਬਿਰੰਗੇ ਵਸਤਰਾਂ ਵਿੱਚ ਸਜੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਹਨ ਜੋ ਕਿ ਮੇਲੇ ਵਰਗਾ ਪ੍ਰਭਾਵ ਸਿਰਜਦੀਆਂ ਹਨ। ਪੇਕੇ ਪਿੰਡ ਆਈਆਂ ਕੁੜੀਆਂ ਇਕੱਠੀਆਂ ਹੋ ਕੇ ਤੀਆਂ ਲਾਉਣ ਲਈ ਪ੍ਰੇਰਿਤ ਕਰਦੀ ਲੋਕ ਬੋਲੀ ਮਿਲਦੀ ਹੈ :
ਫਾਤਾਂ ਨਿਕਲੀ ਲੀੜੇ ਪਾ ਕੇ
ਹਾਕ ਹੁਕਮੀ ਨੇ ਮਾਰੀ
ਨਿੰਮ ਦੇ ਕੋਲ ਬਸੰਤੀ ਆਉਂਦੀ
ਬੋਤੀ ਵਾਂਗ ਸ਼ਿੰਗਾਰੀ
ਹੀਰ ਕੁੜੀ ਦਾ ਪਿੰਡਾ ਮੁਸ਼ਕੇ
ਨੂਰੀ ਸ਼ੁਕੀਨਣ ਭਾਰੀ
ਕਿਸ਼ਨੋ ਬਿਸ਼ਨੋ ਦੋਵੇਂ ਭੈਣਾਂ
ਕਿਸ਼ਨੋ ਚੰਨ ਵਰਗੀ
ਉਹਦੀ ਗਿੱਧੇ ਦੀ ਸਰਦਾਰੀ
ਇਸ ਤਰ੍ਹਾਂ ਪੰਜਾਬੀ ਲੋਕ ਸਾਉਣ ਮਹੀਨੇ ਨੂੰ ਬੜੇ ਉਤਸ਼ਾਹ ਨਾਲ ‘ਜੀ ਆਇਆ ਨੂੰ’ ਆਖਦੇ ਹਨ। ਪਿੰਡ ਵਿੱਚ ਕਿਸੇ ਢੁੱਕਵੀਂ ਥਾਂ ’ਤੇ ਗਿੱਧੇ ਦਾ ਪਿੜ ਬੱਝਦਾ ਹੈ। ਸਾਉਣ ਹੋਰ ਨਿੱਖਰਦਾ ਹੈ। ਮਸਤਾਨੀਆਂ ਮੁਟਿਆਰਾਂ ਅਸਮਾਨ ਵੱਲ ਵੇਖ ਕੇ ਗਾਉਂਦੀਆਂ ਹਨ:
ਸੌਣ ਦਿਆ ਬੱਦਲਾ ਵੇ, ਮੁੜ ਕੇ ਹੋ ਜਾ ਢੇਰੀ
ਉਹ ਬੱਦਲਾਂ ਦਾ ਧੰਨਵਾਦੀ ਹੋਣਾ ਵੀ ਨਹੀਂ ਭੁੱਲਦੀਆਂ, ਬੋਲੀ ਪਾਉਂਦੀਆਂ ਹਨ:
ਸੌਣ ਦਿਆ ਬੱਦਲਾ ਵੇ
ਤੇਰਾ ਜਸ ਗਿੱਧਿਆ ਵਿੱਚ ਗਾਵਾਂ।
ਤੀਆਂ ਦੇ ਇਨ੍ਹਾਂ ਪਿੜਾਂ ਵਿੱਚ ਹਰ ਧਰਮ-ਜਾਤ, ਅਮੀਰ-ਗਰੀਬ ਘਰਾਂ ਦੀਆਂ ਲੜਕੀਆਂ, ਔਰਤਾਂ ਨੱਚਦੀਆਂ ਹੋਈਆਂ ਮਨ ਦੇ ਵਲਵਲੇ ਸਾਂਝੇ ਕਰਦੀਆਂ ਹਨ:
ਆਇਆ ਸਾਵਣ ਦਿਲ ਪਰਚਾਵਣ
ਝੜੀ ਤਾਂ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ।
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਨੱਬਿਆਂ ਦੀ ਫੁਲਕਾਰੀ।
ਹਰਨਾਮੀ ਕੁੜੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲੀ।
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨਾਭੇ ਵਾਲੀ।
ਸ਼ਾਮਾ ਕੁੜੀ ਦੀ ਝਾਂਜਰ ਗੁਆਚੀ
ਆ ਵੀਰਾਂ ਨੇ ਭਾਲੀ।
ਭਿੱਜ ਗਈ ਲਾਜੋ ਵੇ
ਬਹੁਤੇ ਹਰਖਾਂ ਵਾਲੀ।
ਸਾਉਣ ਦਿਆ ਬੱਦਲਾ ਵੇ
ਹੀਰ ਭਿੱਜਗੀ ਸਿਆਲਾਂ ਵਾਲੀ।
ਇਹ ਸਭ ਸਾਨੂੰ ਸਾਡੇ ਅਮੀਰ ਸੱਭਿਆਚਾਰ ਦੀ ਯਾਦ ਦਿਵਾਉਂਦਾ ਹੈ। ਅਜੋਕੇ ਸਮਿਆਂ ਵਿੱਚ ਜਦੋਂ ਅਸੀਂ ਸਭਿਆਚਾਰ ਦੀਆਂ ਜੜ੍ਹਾਂ ਵੱਲ ਜਾਵਾਂਗੇ ਤਾਂ ਇਹ ਜੜ੍ਹਾਂ ਓਨੀਆਂ ਹੀ ਮਜ਼ਬੂਤ ਹੋਣਗੀਆਂ। ਭਵਿੱਖ ਵਿੱਚ ਸੱਭਿਆਚਾਰ ਦੇ ਰੁੱਖ ਦੇ ਵਧਣ ਫੁਲਣ ਵਿੱਚ ਓਨੀਆਂ ਹੀ ਸਹਾਈ ਹੋਣਗੀਆਂ, ਜਿਸ ਦੀ ਸੰਘਣੀ ਛਾਂ ਹੇਠ ਨਵੀਂ ਪੀੜ੍ਹੀ ਆਨੰਦ ਮਾਣ ਸਕੇਗੀ। ਇਸ ਲਈ ਇਨ੍ਹਾਂ ਪਰੰਪਰਾਵਾਂ ਦੇ ਵਧਣ ਅਤੇ ਫੁੱਲਣ ਲਈ ਉਪਰਾਲੇ ਕਰਨੇ ਅਤਿਅੰਤ ਜ਼ਰੂਰੀ ਹਨ। ਉਂਜ ਅੱਜ ਵੀ ਕਿਤੇ ਕਿਤੇ ਸਾਉਣ ਦੇ ਮਹੀਨੇ ਪੀਂਘਾਂ ਤੇ ਤੀਆਂ ਨਜ਼ਰ ਆ ਜਾਂਦੀਆਂ ਹਨ, ਭਾਵੇਂ ਸਟੇਜੀ ਤੌਰ ’ਤੇ ਹੀ।
ਇਸ ਮੇਲ ਮਿਲਾਪ ਦੇ ਪਿਆਰੇ ਮਹੀਨੇ ਦੇ ਅੰਤ ਅਤੇ ਭਾਦੋਂ ਮਹੀਨੇ ਦੇ ਸ਼ੁਰੂ ਹੋਣ ਨਾਲ ਹੀ ਵਿਛੋੜੇ ਪੈਣੇ ਸ਼ੁਰੂ ਹੋ ਜਾਂਦੇ ਹਨ ਭਾਵ ਜਸ਼ਨ ਖਤਮ ਹੋ ਜਾਂਦੇ ਹਨ। ਫੇਰ ਮਿਲਣ ਦੀ ਆਸ ਨਾਲ ਕੁੜੀਆਂ ਵਿੱਛੜਦੀਆਂ ਹੋਈਆਂ ਭਰੇ ਮਨ ਨਾਲ ਲੋਕ ਗੀਤ ਗਾ ਕੇ ਅਲਵਿਦਾ ਆਖਦੀਆਂ ਹਨ:
ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜਾ ਪਾਵੇ।
ਸੰਪਰਕ: 94782-77772