ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨ ਤਕੜਾ ਚਾਹੀਦਾ...

07:45 AM Jul 28, 2020 IST

ਜੋਧ ਸਿੰਘ ਮੋਗਾ

Advertisement

ਅੱਜਕੱਲ੍ਹ ਡਾਕਟਰ ਆਖ ਰਹੇ ਹਨ ਕਿ ਕਰੋਨਾ ਅਤੇ ਹੋਰ ਔਕੜਾਂ ਦਾ ਮੁਕਾਬਲਾ ਕਰਨ ਵਾਸਤੇ ਤਨ ਦੇ ਨਾਲ ਨਾਲ ਮਨ ਤਕੜਾ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ!… ਗੱਲ 50 ਤੋਂ ਵੱਧ ਸਾਲ ਪੁਰਾਣੀ ਜ਼ਰੂਰ ਹੈ ਪਰ ਅੱਜ ਵੀ ਹਾਲਾਤ ਨਾਲ ਮੇਲ ਖਾਂਦੀ ਹੈ। ਜੇਬੀਟੀ ਕਲਾਸ ਨੂੰ ਦਸ ਸਾਲ ਪੜ੍ਹਾ ਕੇ ਸਰਕਾਰੀ ਨੌਕਰੀ ਵਿਚ ਜਾਣਾ ਪਿਆ ਕਿਉਂਕਿ ਕੈਰੋਂ ਸਰਕਾਰ ਨੇ ਜੇਬੀਟੀ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਸਨ ਅਤੇ ਪੰਜਾਬ ਦਾ ਮਸ਼ਹੂਰ ਤੇ ਸਭ ਤੋਂ ਪੁਰਾਣਾ ਮਿਸ਼ਨ ਸਕੂਲ ਮੋਗਾ ਵੀ ਉਸੇ ਲਪੇਟ ਵਿਚ ਆ ਗਿਆ ਸੀ; ਨਾਲ ਹੀ ਅਸੀਂ ਬਹੁਤ ਸਾਰੇ ਅਧਿਆਪਕ ਵੀ ਖਿੰਡ-ਪੁੰਡ ਗਏ।

ਸਰਕਾਰੀ ਸਕੂਲਾਂ ਅਤੇ ਸਟੇਸ਼ਨਾਂ ਤੋਂ ਬਿਲਕੁਲ ਅਣਜਾਣ ਹੁੰਦੇ ਹੋਏ ਅਤੇ ਅਬੋਹਰ-ਫ਼ਾਜ਼ਿਲਕਾ ਦੇ ਤੱਤੇ ਰੇਤੇ ਤੋਂ ਡਰਦੇ ਹੋਏ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਬਲ੍ਹੜਵਾਲ ਨੌਕਰੀ ਵਾਸਤੇ ਚੁਣ ਲਿਆ, ਕਿਉਂਕਿ ਅੰਗਰੇਜ਼ੀ ਵਿਚ ਲਿਖਿਆ ਇਸ ਪਿੰਡ ਦਾ ਨਾਂ ਆਕਰਸ਼ਿਤ ਅਤੇ ਬੀਬਾ ਜਿਹਾ ਲੱਗਾ- ‘ਬਲਹਾਰਵਾਲ’ (BALHARWAL)। ਇਕ-ਦੋ ਦਨਿ ਮਗਰੋਂ ਅਜਨਾਲੇ ਤੋਂ ਦਸ ਕੁ ਮੀਲ, ਰਾਵੀ ਦੀ ਧੁੱਸੀਓਂ ਧੁੱਸੀ ਹੋ ਕੇ ਸ਼ਾਮੀਂ ਬਲ੍ਹੜਵਾਲ ਪਹੁੰਚ ਗਿਆ।

Advertisement

ਇਸ ਤੋਂ ਬਾਅਦ ਛੇਤੀ ਹੀ ਪਿੰਡ ਦੀ ਜਾਣਕਾਰੀ ਹੋਣ ਲੱਗੀ। ਵੰਡ ਤੋਂ ਪਹਿਲਾਂ ਇਹ ਪਿੰਡ ਬਹੁਤ ਤਕੜਾ ਸੀ, ਇਸ ਲਈ ਹਾਈ ਸਕੂਲ ਸੀ। ਖਾਂਦੇ-ਪੀਂਦੇ ਪਰਿਵਾਰ ਸ਼ਹਿਰ ਜਾ ਵਸੇ ਸਨ। ਅੱਧਾ ਪਿੰਡ ਰਾਵੀ ਦਾ ਰਾਹ ਬਦਲਣ ਕਾਰਨ ਰੁੜ੍ਹ ਗਿਆ, ਬਾਕੀ ਅੱਧਾ ਰਾਵੀ ਕਨਿਾਰੇ ਖੜ੍ਹਾ ਪਾਕਿਸਤਾਨ ਵੱਲ ਝਾਕਦਾ ਹੈ। ਬਾਰਡਰ ਇਕ ਮੀਲ ਰਾਵੀਓਂ ਪਾਰ ਸੀ। ਪਾਕਿਸਤਾਨੀ ਪਿੰਡ ਬੱਦੋਮੱਲੀ ਦੇ ਰੇਲ ਬੰਬੇ ਦਾ ਧੂੰਆਂ ਵੀ ਦਿਸ ਪੈਂਦਾ ਸੀ ਅਤੇ ਜਦੋਂ ਪੱਛੋਂ ਵਗਦੀ ਸੀ ਤਾਂ ਮਸ਼ੀਨ ਦੀ ਤੁਕ ਤੁਕ ਵੀ ਸੁਣਦੀ ਸੀ। ਸਕੂਲ ਦੇ ਕੁੱਲ ਅੱਠ ਕਮਰੇ ਸਨ ਅਤੇ ਮੁੱਖ ਅਧਿਆਪਕ ਜੀ ਸਣੇ ਅੱਠ ਹੀ ਅਧਿਆਪਕ ਜੋ ਵਾਰੀ ਵਾਰੀ ਸਕੂਲ ਆਉਂਦੇ ਸਨ ਪਰ ਪਾਰਟੀ ਵਾਲੇ ਦਨਿ ਸਾਰੇ ਜ਼ਰੂਰ ਪੁੱਜਦੇ।

ਸ਼ਨਿੱਚਰਵਾਰ ਮੇਰੇ ਆਉਣ ’ਤੇ ਅੰਗਰੇਜ਼ੀ ਦਾਰੂ ਦੀ ਪਾਰਟੀ ਰੱਖੀ ਗਈ; ਕਈ ਸਾਲਾਂ ਮਗਰੋਂ ਅੰਗਰੇਜ਼ੀ ਵਾਲਾ ਮਾਸਟਰ ਸਕੂਲ ਵਿਚ ਆਇਆ ਸੀ! ਮੈਂ ਅਜਨਾਲੇ ਤੋਂ ਆਉਂਦੇ ਮੁੱਖ ਅਧਿਆਪਕ ਜੀ ਨੂੰ ਦੱਸਿਆ ਕਿ ਮੈਂ ਅੱਜ ਤੱਕ ਕਦੇ ਸ਼ਰਾਬ ਨਹੀਂ ਪੀਤੀ ਅਤੇ ਨਾ ਹੀ ਪੀਣੀ ਹੈ; ਇਸ ਲਈ ਮਠਿਆਈ ਆਦਿ ਵਾਲੀ ਪਾਰਟੀ ਕਰ ਲਵੋ ਪਰ ਉਨ੍ਹਾਂ ਦਾ ਉੱਤਰ ਅਤੇ ਗੱਲਬਾਤ ਬੜੀ ਡਰਾਉਣੀ ਜਿਹੀ ਸੀ ਅਤੇ ਫ਼ਿਕਰ ਵਾਲੀ ਵੀ। ਉਨ੍ਹਾਂ ਆਖਿਆ, “ਸਾਡੇ ਮਾਝੇ ਵਿਚ ਦੂਰੋਂ ਮਾਲਵੇ ਦਾ ਬੰਦਾ ਆਵੇ ਅਤੇ ਦਾਰੂ ਨਾ ਪੀਵੇ! ਇਹ ਕਿਵੇਂ ਹੋ ਸਕਦਾ ਹੈ? ਨਾਲੇ ਅੰਗਰੇਜ਼ੀ ਸ਼ਰਾਬ ਹੈ ਅਤੇ ਅਸੀਂ ਜਾਣਦੇ ਵੀ ਹਾਂ ਕਿ ਕਿਵੇਂ ਪਿਆਈਦੀ ਹੈ। ਢਾਹ ਕੇ ਮੂੰਹ ਵਿਚ ਵੀ ਪਾ ਦਈਦੀ ਹੈ। ਦੋ-ਚਾਰ ਵਾਰੀਆਂ ਵਿਚ ਸੁਆਦ ਆਉਣ ਲੱਗਜੂ, ਫਿਰ ਰੋਜ਼ ਆਪੇ ਮੰਗਿਆ ਕਰੇਂਗਾ। ਪਾਰਟੀ ਦੇ ਪੈਸੇ ਜੇਬ ਵਿਚੋਂ ਨਹੀਂ ਜਾਣੇ, ਮੈਂ ਤਨਖ਼ਾਹ ਵਿਚੋਂ ਆਪੇ ਕੱਟ ਲੈਣੇ ਹਨ।”

ਇਹ ਗੱਲਾਂ ਸੁਣ ਕੇ ਮੇਰੀ ਘਬਰਾਹਟ ਵਧ ਰਹੀ ਸੀ ਪਰ ਮਨ ਤਕੜਾ ਸੀ ਅਤੇ ਹੌਸਲਾ ਰੱਖਿਆ। ਰਾਤ ਪੈਣ ਲੱਗੀ ਅਤੇ ਪਾਰਟੀ ਸ਼ੁਰੂ ਹੋਈ। ਮੈਨੂੰ ਵੀ ਸਾਰੇ ਮੱਲੋ-ਮੱਲੀ ਪਿਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਚਾਰ ਅਧਿਆਪਕ ਤਾਂ ਛੇਤੀ ਹੀ ਟੱਲੀ ਹੋ ਗਏ। ਇਕ ਜਣਾ ਗਲਾਸੀ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ। ਮੈਂ ਉੱਠ ਕੇ ਇਕ ਹੋਰ ਕਮਰੇ ਵਿਚ ਚਲਾ ਗਿਆ ਅਤੇ ਅੰਦਰੋਂ ਕੁੰਡੀ ਮਾਰ ਲਈ। ਗਲਾਸੀ ਵਾਲਾ ਅਧਿਆਪਕ ਜੋ ਅਜੇ ਤੁਰਨ ਜੋਗਾ ਸੀ, ਬੂਹਾ ਖੜ੍ਹਕਾਉਂਦਾ ਅਤੇ ਭੰਨ੍ਹਦਾ ਛੇਤੀ ਹੀ ਹੰਭ ਗਿਆ, ਸ਼ਾਇਦ ਉਹਨੇ ਗਲਾਸੀ ਵਾਲੀ ਪੀ ਲਈ ਹੋਵੇਗੀ, ਮੁੜ ਗਿਆ। ਸ਼ਾਇਦ ਉਹ ਆਖ ਰਿਹਾ ਸੀ, “ਮਲਵਈ ਪੱਕਾ ਹੀ ਲੱਗਦਾ ਹੈ, ਜਵਾਂ ਨ੍ਹੀਂ ਕੂੰਦਾ।” ਸਵੇਰੇ ਸਾਰੇ ਹੀ ਮਸਾਂ ਉੱਠੇ, ਉਹ ਵੀ ਅੱਧਮੋਏ ਜਿਹੇ। ਉਸ ਤੋਂ ਮਗਰੋਂ ਵੀ ਅਜਿਹੀਆਂ ਕਈ ਪਾਰਟੀਆਂ ਹੋਈਆਂ ਪਰ ਮਨ ਤਕੜਾ ਸੀ, ਬਚੇ ਰਹੇ। ਉਂਜ ਉਹ ਆਖਦੇ ਸੀ, “ਮਲਵਈ ਬੜਾ ਢੀਠ ਹੈ, ਕਰਾਂਗੇ ਸੂਤ।” ਉਦੋਂ ਵੀ ਸਿਫ਼ਾਰਸ਼ ਚੱਲਦੀ ਹੁੰਦੀ ਸੀ, ਔਖੇ-ਸੌਖੇ ਸਾਲ ਮਗਰੋਂ ਬਦਲੀ ਹੋ ਗਈ। ਨਾਲ ਹੀ ਅੰਬ ਥੱਲੇ ਬੈਠ ਕੇ ਐਮਏ ਦੀ ਤਿਆਰੀ ਵੀ ਕਰ ਲਈ।

ਹੁਣ ਮੈਂ 92 ਸਾਲਾਂ ਦਾ ਹਾਂ। ਮਨ ਤਕੜਾ ਸੀ ਤਾਂ ਅੱਜ ਤੱਕ ਸ਼ਰਾਬ ਦਾ ਸੁਆਦ ਵੀ ਨਹੀਂ ਦੇਖਿਆ, ਦਾਰੂ ਦੀ ਥਾਂ ਦੁੱਧ ਪੀ ਲਈਦਾ ਹੈ। ਕਈ ਪਿਆਕੜ ਚੰਗੇ ਮਿੱਤਰ ਵੀ ਰਹੇ ਹਨ ਪਰ ਪਾਰਟੀ ਵੇਲੇ ਮੇਰੇ ਵਾਸਤੇ ਕੋਕ ਦੀ ਬੋਤਲ ਆਉਂਦੀ। ਅੱਜ ਵੀ ਸਰੀਰ ਤੇ ਮਨ ਤਕੜਾ ਹੈ ਅਤੇ ਕੋਵਿਡ-19 ਦਾ ਟਾਕਰਾ ਕਰਨ ਜੋਗਾ ਵੀ ਹੈ। ਰੱਬ ਨਾ ਕਰੇ, ਜੇ ਕਰੋਨਾ ਨਾਲ ਵਾਹ ਪੈ ਗਿਆ ਤਾਂ ਛੇਤੀ ਹੀ ਹਸਪਤਾਲੋਂ ਹਾਰ ਪਵਾ ਕੇ ਅਤੇ ਬਨਿਾਂ ਵੀਲ੍ਹਚੇਅਰ ਤੋਂ ਪੈਦਲ ਨਿਕਲਾਂਗੇ! ਮਨ ਅਜੇ ਤਕੜਾ ਹੈ। ਆਮੀਨ!

ਸੰਪਰਕ: 62802-58057

Advertisement
Tags :
ਚਾਹੀਦਾਤਕੜਾ