ਕਿਸਾਨ ਜਥੇਬੰਦੀ ਦਾ ਜੌਲੀਆਂ ’ਚ ਪੱਕਾ ਮੋਰਚਾ ਜਾਰੀ
ਪੱਤਰ ਪ੍ਰੇਰਕ
ਭਵਾਨੀਗੜ੍ਹ, 1 ਅਗਸਤ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਜੌਲੀਆਂ ਵਿੱਚ ਭੌਂ ਮਾਫ਼ੀਆ ਤੋਂ ਪੀੜਤ ਕਿਸਾਨ ਦੇ ਹੱਕ ਵਿੱਚ ਪੱਕਾ ਮੋਰਚਾ ਅੱਜ 18ਵੇਂ ਦਿਨ ਵੀ ਜਾਰੀ ਰੱਖਿਆ ਗਿਆ।
ਇਸ ਮੌਕੇ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ, ਬਲਾਕ ਆਗੂ ਗੁਰਚੇਤ ਸਿੰਘ ਭੱਟੀਵਾਲ, ਕੁਲਦੀਪ ਸਿੰਘ ਬਖੋਪੀਰ ਅਤੇ ਕਸਮੀਰ ਸਿੰਘ ਆਲੋਅਰਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਦੀ ਅਗਵਾਈ ਹੇਠ ਜਿਹੜੀ ਝੋਨੇ ਦੀ ਫ਼ਸਲ ਅਤੇ ਹਰਾ ਚਾਰਾ ਪੀੜਤ ਕਿਸਾਨ ਅਵਤਾਰ ਸਿੰਘ ਦੇ ਖੇਤ ਵਿੱਚ ਬੀਜਿਆ ਸੀ, ਉਸ ਦੀ ਰਾਖੀ ਲਈ ਜਥੇਬੰਦੀ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਭੌਂ ਮਾਫੀਆ ਜਾਂ ਪ੍ਰਸ਼ਾਸਨ ਨੂੰ ਕਿਸਾਨ ਦੇ ਖੇਤ ਵਿੱਚ ਧੱਕੇਸ਼ਾਹੀ ਨਾਲ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਯੂਨੀਅਨ ਵੱਲੋਂ ਮਨੀਪੁਰ ਵਿਚ ਔਰਤਾਂ ’ਤੇ ਹੋ ਰਹੇ ਜੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਛੇ ਅਗਸਤ ਨੂੰ ਚੰਡੀਗੜ੍ਹ ਵਿੱਚ ਰੱਖੀ ਔਰਤ ਕਾਨਫਰੰਸ ਦੀ ਤਿਆਰੀ ਲਈ ਇਲਾਕੇ ਦੇ ਪਿੰਡਾਂ ਵਿੱਚ ਮਨਜੀਤ ਸਿੰਘ ਘਰਾਚੋਂ ਅਤੇ ਹਰਜਿੰਦਰ ਸਿੰਘ ਘਰਾਚੋਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।