ਬੀਬੀਐੱਮਬੀ ਮਾਮਲਾ: ਭਗਵੰਤ ਮਾਨ ਵੱਲੋਂ ਨੰਗਲ ਡੈਮ ਦੀ ਸੁਰੱਖਿਆ ਲਈ ਸੀਆਈਐੱਸਐੱਸਫ ਦੀ ਤਾਇਨਾਤੀ ’ਤੇ ਕੇਂਦਰ ਦਾ ਵਿਰੋਧ
ਮੁੱਖ ਮੰਤਰੀ ਨੇ ਨੀਤੀ ਅਯੋਗ ਦੀ ਮੀਟਿੰਗ ’ਚ ਪ੍ਰਧਾਨ ਮੰਤਰੀ ਅੱਗੇ ਮਾਮਲਾ ਉਠਾਉਣ ਦੀ ਗੱਲ ਕਹੀ
ਪੰਜਾਬ ਭਾਜਪਾ ਦੇ ਆਗੂਆਂ ਦੀ ਚੁੱਪ ’ਤੇ ਉਠਾਏ ਸਵਾਲ
ਗੁਰਦੀਪ ਸਿੰਘ ਲਾਲੀ/ਚਰਨਜੀਤ ਭੁੱਲਰ
ਸੰਗਰੂਰ/ਚੰਡੀਗੜ੍ਹ, 22 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਏਜੰਸੀ ਸੀਆਈਐਸਐਫ਼ ਦੇ 296 ਜ਼ਵਾਨਾਂ ਦੀ ਤਾਇਨਾਤੀ ਕਰਨ ਅਤੇ ਪ੍ਰਤੀ ਸਾਲ ਕਰੀਬ ਸਾਢੇ ਅੱਠ ਕਰੋੜ ਰੁਪਏ ਦਾ ਖਰਚੇ ਦਾ ਬੋਝ ਬੀਬੀਐੱਮਬੀ ਜਾਂ ਪੰਜਾਬ ਸਰਕਾਰ ਉਪਰ ਪਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਵਿਰੋਧੀ ਫੈਸਲੇ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਪੁਲੀਸ ਨੰਗਲ ਡੈਮ ਦੀ ਮੁਫ਼ਤ ਵਿਚ ਸੁਰੱਖਿਆ ਕਰ ਰਹੀ ਹੈ ਤਾਂ ਫ਼ਿਰ ਕੇਂਦਰੀ ਸੁਰੱਖਿਆ ਏਜੰਸੀ ਸੀਆਈਐੱਸਐੱਫ਼ ਨੂੰ ਤਾਇਨਾਤ ਕਰਨ ਦੀ ਕੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਾਲੇ ਪੰਜਾਬ ਉਪਰ ਹਥੌੜਾ ਚਲਾਉਣ ਦਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ। ਉਨ੍ਹਾਂ ਸਵਾਲ ਕੀਤਾ ਕਿ ਕੀ ਹੁਣ ਨੰਗਲ ਡੈਮ ਦੇ ਗੇਟ ਸੀਆਈਐੱਸਐੱਫ਼ ਖੋਲੇਗੀ? ਮਾਨ ਨੇ ਕਿਹਾ ਕਿ ਉਹ 24 ਮਈ ਨੂੰ ਦਿੱਲੀ ਵਿਚ ਨੀਤੀ ਆਯੋਗ ਦੀ ਹੋਣ ਵਾਲੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਇਹ ਮੁੱਦਾ ਉਠਾਉਣਗੇ ਅਤੇ ਕਿਸੇ ਵੀ ਹਾਲਤ ਵਿਚ ਸੀਆਈਐੱਸਐੱਫ ਤਾਇਨਾਤ ਨਹੀ ਹੋਣ ਦੇਣਗੇ।
ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਏਜੰਸੀ ਤਾਇਨਾਤ ਕਰਕੇ ਆਪਣੀ ਮਰਜ਼ੀ ਨਾਲ ਪਾਣੀ ਚੋਰੀ ਕਰਨਾ ਚਾਹੁੰਦੀ ਹੈ ਤਾਂ ਜੋ ਭਾਜਪਾ ਦੀ ਅਗਵਾਈ ਵਾਲੇ ਸੂਬੇ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੇ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਹੱਦ ਦੀ ਰਾਖੀ ਕਰ ਸਕਦਾ ਹੈ ਤਾਂ ਨੰਗਲ ਡੈਮ ਅਤੇ ਪਾਣੀ ਦੀ ਸੁਰੱਖਿਆ ਵੀ ਖੁਦ ਕਰ ਸਕਦਾ ਹੈ।
ਮਾਨ ਨੇ ਭਾਜਪਾ ਲੀਡਰਾਂ ਦੀ ਚੁੱਪ ’ਤੇ ਸਵਾਲ ਚੁੱਕੇ
ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਪੰਜਾਬ ਭਾਜਪਾ ਦੇ ਲੀਡਰਾਂ ਦੀ ਚੁੱਪ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਆਲ ਪਾਰਟੀ ਮੀਟਿੰਗ ਵਿਚ ਪੰਜਾਬ ਦੇ ਹੱਕ ਵਿਚ ਖੜ੍ਹਨ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਭਾਜਪਾ ਆਗੂ ਹੁਣ ਸਪੱਸ਼ਟ ਕਰਨ ਕਿ ਉਹ ਪੰਜਾਬ ਨਾਲ ਹਨ ਜਾਂ ਫ਼ਿਰ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਫੈਸਲੇ ਦੇ ਹੱਕ ਵਿਚ ਹਨ। ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਪਾਣੀਆਂ ਦਾ ਰਾਖਾ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹ ਇਸ ਮੁੱਦੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਨ।