ਫਲਾਈਓਵਰ ਲਈ ਪੁੱਟੇ ਟੋਏ ’ਚ ਰੇਤ ਦਾ ਭਰਿਆ ਟਿੱਪਰ ਡਿੱਗਣ ਕਾਰਨ ਚਾਲਕ ਦੀ ਮੌਤ
ਜਗਮੋਹਨ ਸਿੰਘ
ਰੂਪਨਗਰ, 6 ਸਤੰਬਰ
ਘਨੌਲੀ-ਰੂਪਨਗਰ ਮਾਰਗ ’ਤੇ ਪਿੰਡ ਮਲਿਕਪੁਰ ਵਿਖੇ ਹਾਦਸੇ ਵਿੱਚ ਰੇਤੇ ਦਾ ਭਰਿਆ ਟਿੱਪਰ ਫਲਾਈਓਵਰ ਬਣਾ ਰਹੀ ਕੰਪਨੀ ਵੱਲੋਂ ਕਥਿਤ ਤੌਰ ’ਤੇ ਪੁੱਟੇ ਡੂੰਘੇ ਖੱਡੇ ਵਿੱਚ ਡਿੱਗਣ ਕਾਰਨ ਟਿੱਪਰ ਚਾਲਕ ਦੀ ਮੌਤ ਹੋ ਗਈ। ਟਿੱਪਰ ਚਾਲਕ ਦੇ ਨਜ਼ਦੀਕੀ ਰਿਸ਼ਤੇਦਾਰ ਗੁਲਜ਼ਾਰ ਸਿੰਘ ਵਾਸੀ ਸੁਨਾਮ ਨੇ ਦੱਸਿਆ ਕਿ ਸਰਬਜੀਤ ਸਿੰਘ(35) ਪੁੱਤਰ ਸਵਰਨ ਸਿੰਘ ਵਾਸੀ ਮਲਿਕਪੁਰ(ਹਰਿਆਣਾ) ਸ੍ਰੀ ਆਨੰਦਪੁਰ ਸਾਹਿਬ ਤੋਂ ਰੇਤੇ ਦਾ ਟਿੱਪਰ ਭਰ ਕੇ ਪਟਿਆਲਾ ਜਾ ਰਿਹਾ ਸੀ, ਜਦੋਂ ਉਹ ਪਿੰਡ ਮਲਿਕਪੁਰ ਪੁੱਜਿਆ ਤਾਂ ਟਿੱਪਰ ਡੂੰਘੇ ਖੱਡੇ ਵਿੱਚ ਜਾ ਡਿੱਗਿਆ, ਜਿਸ ਕਾਰਨ ਸਰਬਜੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਵੱਲੋਂ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਇਸ ਸਬੰਧੀ ਥਾਣਾ ਸਦਰ ਰੂਪਨਗਰ ਦੇ ਐੱਸਐੱਚਓ ਰੋਹਿਤ ਸ਼ਰਮਾ ਨੇ ਕਿਹਾ ਕਿ ਲਾਸ਼ ਨੂੰ ਸਿਵਲ ਹਸਪਤਾਲ ਮੁਰਦਾਘਰ ਵਿੱਚ ਰਖਵਾਉਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਵਾਰਸ ਥਾਣਾ ਸਦਰ ਰੂਪਨਗਰ ਪੁੱਜ ਚੁੱਕੇ ਸਨ, ਜਦੋਂ ਕਿ ਕੰਪਨੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਹਾਲੇ ਮੌਕੇ ’ਤੇ ਨਹੀਂ ਪਹੁੰਚਿਆ।