ਦੇਸ਼ ਦੀ ਆਰਥਿਕਤਾ ਬਦਹਾਲ: ਮੋਦੀ ਦੇ ਰਾਜ ’ਚ ਭਾਰਤ ’ਤੇ ਕਰਜ਼ੇ ਦਾ ਬੋਝ ਵਧਿਆ: ਕਾਂਗਰਸ
ਨਵੀਂ ਦਿੱਲੀ, 10 ਜੂਨ
ਕਾਂਗਰਸ ਨੇ ਅੱਜ ਦੋਸ਼ ਲਗਾਇਆ ਕਿ ਮੌਜੂਦਾ ਕੇਂਦਰ ਸਰਕਾਰ ਦੇ ਅਧੀਨ ਦੇਸ਼ ਦੀ ਅਰਥਵਿਵਸਥਾ ਵਿਗੜ ਰਹੀ ਹੈ ਅਤੇ ਅਰਥਵਿਵਸਥਾ ਦੀ ਸਥਿਤੀ ‘ਤੇ ‘ਵਾਈਟ ਪੇਪਰ’ ਜਾਰੀ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਦੀ ਤਰਜਮਾਨ ਸੁਪ੍ਰੀਆ ਸ਼੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਨੌਂ ਸਾਲਾਂ ਵਿੱਚ ਦੇਸ਼ ਦਾ ਕੁੱਲ ਕਰਜ਼ਾ 55 ਲੱਖ ਕਰੋੜ ਰੁਪਏ ਤੋਂ ਵਧ ਕੇ 155 ਲੱਖ ਕਰੋੜ ਰੁਪਏ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ, ‘ਆਜ਼ਾਦੀ ਤੋਂ ਬਾਅਦ 67 ਸਾਲਾਂ ਵਿੱਚ ਜਿੱਥੇ 14 ਪ੍ਰਧਾਨ ਮੰਤਰੀਆਂ ਨੇ ਮਿਲ ਕੇ 55 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ, ਉੱਥੇ ਨਰਿੰਦਰ ਮੋਦੀ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਨੂੰ ਤਿੰਨ ਗੁਣਾ ਕਰਕੇ 155 ਲੱਖ ਕਰੋੜ ਰੁਪਏ ਕਰ ਦਿੱਤਾ। ਇਸ ਦਾ ਮਤਲਬ ਹੈ ਕਿ ਸਾਡੇ ਦੇਸ਼ ਦਾ ਕਰਜ਼ਾ 2014 ਤੋਂ ਹੁਣ ਤੱਕ 100 ਲੱਖ ਕਰੋੜ ਤੋਂ ਵੱਧ ਹੋ ਗਿਆ ਹੈ। ਦੇਸ਼ ਦੇ ਨਵਜੰਮੇ ਬੱਚੇ ‘ਤੇ ਵੀ 1.2 ਲੱਖ ਰੁਪਏ ਦਾ ਕਰਜ਼ਾ ਹੈ।’ ਸੁਪ੍ਰੀਆ ਨੇ ਇਹ ਵੀ ਦਾਅਵਾ ਕੀਤਾ ਕਿ ਕਰਜ਼ੇ ਤੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਨੁਪਾਤ 84 ਫੀਸਦੀ ਹੋ ਗਿਆ ਹੈ। ਉਨ੍ਹਾਂ ਮੁਤਾਬਕ, ”ਦੇਸ਼ ਦੇ 23 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ, 83 ਫੀਸਦੀ ਲੋਕਾਂ ਦੀ ਆਮਦਨ ਘੱਟ ਗਈ ਹੈ, ਇਕ ਸਾਲ ‘ਚ 11,000 ਤੋਂ ਜ਼ਿਆਦਾ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਬੰਦ ਹੋ ਗਏ ਹਨ ਪਰ ਦੋ ਸਾਲ ਵਿੱਚ ਅਰਬਪਤੀਆਂ ਦੀ ਗਿਣਤੀ 102 ਤੋਂ ਵੱਧ ਕੇ 166 ਹੋ ਗਈ ਹੈ।’ ਕਾਂਗਰਸ ਨੇਤਾ ਨੇ ਕਿਹਾ ਕਿ ਦੇਸ਼ ਦੇ ਕੁੱਲ ਜੀਐੱਸਟੀ ਦਾ 64 ਫੀਸਦੀ ਗਰੀਬ ਲੋਕ ਅਦਾ ਕਰ ਰਹੇ ਹਨ।