ਬਰਸਾਤੀ ਨਾਲਿਆਂ ਦੀ ਹਾਲਤ ਤਰਸਯੋਗ
ਹਰਦੀਪ ਸਿੰਘ ਸੋਢੀ
ਧੂਰੀ, 20 ਅਗਸਤ
ਸੰਗਰੂਰ ਤੋਂ ਲੁਧਿਆਣਾ ਵਾਇਆ ਧੂਰੀ ਰਾਜ ਮਾਰਗ ਦੇ ਆਲੇ-ਦੁਆਲੇ ਬਣੇ ਬਰਸਾਤੀ ਨਾਲਿਆਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਇਨ੍ਹਾਂ ਬਰਸਾਤੀ ਨਾਲਿਆਂ ਦੀ ਸਫ਼ਾਈ ਪਿਛਲੇ ਕਈ ਸਾਲਾਂ ਤੋਂ ਨਾ ਹੋਣ ਕਾਰਨ ਇਸ ਦਾ ਨੁਕਸਾਨ ਜਿੱਥੇ ਸੜਕ ਨੂੰ ਹੋ ਰਿਹਾ ਹੈ, ਉੱਥੇ ਬਰਸਾਤ ਦਾ ਪਾਣੀ ਸੜਕ ’ਤੇ ਆ ਕੇ ਰਾਹਗੀਰਾਂ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਇਸ ਸਬੰਧੀ ‘ਆਪ’ ਦੇ ਆਗੂ ਅਨਵਰ ਭਸੋੜ ਤੇ ਸਮਾਜ ਸੇਵੀ ਕਿਰਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮਾਰਗ ਤੋਂ ਲੰਘਣ ਵਾਲੇ ਲੋਕਾਂ ਤੋਂ ਟੋਲ ਵਸੂਲਿਆ ਜਾ ਰਿਹਾ ਪਰ ਲੋਕਾਂ ਨੂੰ ਉਸ ਤਰੀਕੇ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸੜਕ ਦੇ ਆਲੇ-ਦੁਆਲੇ ਬਣੇ ਬਰਸਾਤੀ ਨਾਲਿਆਂ ਦੀ ਸਫ਼ਾਈ ਪਿਛਲੇ ਕਈ ਸਾਲਾਂ ਤੋਂ ਨਾ ਹੋਣ ਕਾਰਨ ਇਸ ਵਿੱਚ ਥਾਂ-ਥਾਂ ਗੰਦਗੀ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਬਰਸਾਤੀ ਨਾਲਿਆਂ ਦੀ ਸਫ਼ਾਈ ਦੇ ਨਾਲ-ਨਾਲ ਟੁੱਟੀਆਂ ਸਲੈਬਾਂ ਨੂੰ ਜਲਦੀ ਠੀਕ ਨਾ ਕਰਵਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਟੌਲ ਅਧਿਕਾਰੀ ਅਜੈਵੀਰ ਸਿੰਘ ਨੇ ਕਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਉਹ ਇਨ੍ਹਾਂ ਬਰਸਾਤੀ ਨਾਲਿਆਂ ਦੀ ਸਫ਼ਾਈ ਕਰਵਾ ਰਹੇ ਹਨ।