ਲੰਗਰ ਘਰ ਦੇ ਸੁੱਕੇ ਪ੍ਰਸ਼ਾਦਿਆਂ ’ਚ ਘਪਲੇ ਦਾ ਮਾਮਲਾ ਭਖਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਜੁਲਾਈ
ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਬਚੇ ਹੋਏ ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ਦੀ ਰਕਮ ਵਿੱਚ ਹੋਏ ਘਪਲੇ ਦਾ ਮਾਮਲਾ ਹੁਣ ਸਿਆਸੀ ਰੰਗਤ ਲੈਂਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਪ੍ਰਧਾਨ ਨੂੰ ਮਾਮਲਾ ਸਪਸ਼ਟ ਕਰਨ ਲਈ ਕਿਹਾ। ਮੁੱਖ ਮੰਤਰੀ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਟਵੀਟ ਕਰਕੇ ਮੁੱਖ ਮੰਤਰੀ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ 2019 ਦੌਰਾਨ ਹੋਈਆਂ ਪ੍ਰਬੰਧਕੀ ਬੇਨੇਮੀਆਂ ਦਾ ਸੱਚ ਸੰਗਤ ਸਾਹਮਣੇ ਲਿਆਂਦਾ ਜਾਵੇਗਾ ਤੇ ਇਸ ਦੀ ਪਾਰਦਰਸ਼ਤਾ ਨਾਲ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਉੱਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਕਰੋਨਾ ਕਾਲ ਦੇ ਦੋ ਸਾਲਾਂ ਦੇ ਸਮੇਂ ਦਾ ਹੈ ਜਦੋਂ ਲੰਗਰ ਦੇ ਸੁੱਕੇ ਪ੍ਰਸ਼ਾਦਿਆਂ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਗਈ। ਲੰਗਰ ਦੇ ਸੁੱਕੇ ਹੋਏ ਅਤੇ ਬਚੇ ਹੋਏ ਇਹ ਪ੍ਰਸ਼ਾਦੇ ਟੈਂਡਰ ਰਾਹੀਂ ਵੇਚੇ ਜਾਂਦੇ ਹਨ। ਹਫਤੇ ਵਿੱਚ ਇੱਕ ਜਾਂ ਦੋ ਵਾਰ ਇਹ ਸੁੱਕੇ ਹੋਏ ਪ੍ਰਸ਼ਾਦੇ ਵੇਚੇ ਜਾਂਦੇ ਹਨ। ਇਸ ਤੋਂ ਇਲਾਵਾ ਲੰਗਰ ਦਾ ਬਚਿਆ ਸਾਮਾਨ ਵੀ ਇਸੇ ਤਰ੍ਹਾਂ ਵੇਚਿਆ ਜਾਂਦਾ ਹੈ। ਇਹ ਮਾਮਲਾ ਛੇ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਜਾਂਚ ਸ਼ੁਰੂ ਕਰਵਾਈ ਗਈ। ਫਿਲਹਾਲ ਇਸ ਦੀ ਜਾਂਚ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਹੁਣ ਤੱਕ ਦੋ ਸਟੋਰ ਕੀਪਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਭਲਕੇ ਇਸ ਮਾਮਲੇ ਵਿੱਚ ਸਬੰਧਤ ਇੰਸਪੈਕਟਰਾਂ ਦੀ ਕੀਤੀ ਜਾਂਚ ਦੀ ਰਿਪੋਰਟ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ਦੀ ਰਕਮ ਸਟੋਰ ਕੀਪਰ ਵੱਲੋਂ ਵਸੂਲੀ ਜਾਂਦੀ ਹੈ ਅਤੇ ਇੰਸਪੈਕਟਰ ਵੱਲੋਂ ਤਸਦੀਕ ਕੀਤੀ ਜਾਂਦੀ ਹੈ ਪਰ ਇਹ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਅਣਗਹਿਲੀ ਵਰਤੀ ਗਈ ਹੈ। ਇਸ ਮਾਮਲੇ ਵਿੱਚ ਲਗਪਗ 75 ਲੱਖ ਰੁਪਏ ਤੋਂ ਲੈ ਕੇ ਇੱਕ ਕਰੋੜ ਰੁਪਏ ਤੱਕ ਦਾ ਘਪਲਾ ਹੋਣ ਦਾ ਖਦਸ਼ਾ ਹੈ।