ਪਾਕਿ ਸੁਰੱਖਿਆ ਬਲਾਂ ਵੱਲੋਂ ਦਹਿਸ਼ਤੀ ਹਮਲਾ ਨਾਕਾਮ, ਇਕ ਫਿਦਾਈਨ ਸਣੇ ਦਸ ਦਹਿਸ਼ਤਗਰਦ ਹਲਾਕ
ਪੇਸ਼ਾਵਰ, 13 ਮਾਰਚ
Security forces foil terror attack in northwest Pakistan ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਨਾਕੇ ਉੱਤੇ ਦਹਿਸ਼ਤੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਫਿਦਾਈਨ ਸਮੇਤ 10 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ।
ਇੰਟਰ ਸਰਵਸਿਜ਼ ਪਬਲਿਕ ਰਿਲੇਸ਼ਨਜ਼ ਮੁਤਾਬਕ ਦਹਿਸ਼ਤਗਰਦਾਂ ਨੇ ਟਾਂਕ ਦੇ ਜੰਡੋਲਾ ਇਲਾਕੇ ਵਿਚ ਇਕ ਨਾਕੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਹਮਲੇ ਦੌਰਾਨ ਫਿਦਾਈਨ ਨੇ ਫਰੰਟੀਅਰ ਕੋਰ ਕੈਂਪ ਨੇੜੇ ਇਕ ਵਾਹਨ ਵਿਚ ਖੁਦ ਨੂੰ ਉਡਾ ਦਿੱਤਾ।
ਆਈਐੱਸਪੀਆਰ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਬਹਾਦਰੀ ਨਾਲ ਦਹਿਸ਼ਤਗਰਦਾਂ ਦਾ ਮੁਕਾਬਲਾ ਕੀਤਾ ਤੇ ਦਹਿਸ਼ਤਗਰਦਾਂ ਨੂੰ ਨਾਕੇ ਵੱਲ ਵਧਣ ਤੋਂ ਰੋਕ ਦਿੱਤਾ।
ਪਾਕਿਸਤਾਨੀ ਫੌਜੀਆਂ ਦੀ ਜਵਾਬੀ ਕਾਰਵਾਈ ਵਿਚ ਦਸ ਦਹਿਸ਼ਤਗਰਦ ਮਾਰੇ ਗਏ, ਜਿਨ੍ਹਾਂ ਵਿਚ ਫਿਦਾਈਨ ਵੀ ਸ਼ਾਮਲ ਸੀ।
ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਵਿਚ ਜਾਫ਼ਰ ਐਕਸਪ੍ਰੈੱਸ ਨੂੰ ਅਗਵਾ ਕਰਨ ਵਾਲੇ 33 ਹਮਲਾਵਰਾਂ ਨੂੰ ਮਾਰ ਮੁਕਾਇਆ ਹੈ। -ਪੀਟੀਆਈ