Stock Market Crash: ਸ਼ੇਅਰ ਮਾਰਕੀਟ: ਨਿਵੇਸ਼ਕਾਂ ਦੇ 20.16 ਲੱਖ ਕਰੋੜ ਰੁਪਏ ਡੁੱਬੇ
12:30 PM Apr 07, 2025 IST
ਨਵੀਂ ਦਿੱਲੀ, 7 ਅਪਰੈਲ
Advertisement
Stock Market Crash: ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਖੁੱਲ੍ਹਣ ਮੌਕੇ ਭਾਰੀ ਗਿਰਾਵਟ ਦਰਜ ਨਾਲ ਨਿਵੇਸ਼ਕਾਂ ਦੇ 20.16 ਲੱਖ ਕਰੋੜ ਰੁਪਏ ਡੁੱਬ ਗਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੇ ਵਪਾਰਕ ਯੁੱਧ(Tariff war) ਦੀਆਂ ਚਿੰਤਾਵਾਂ ਕਾਰਨ ਕੌਮਾਂਤਰੀ ਬਾਜ਼ਾਰਾਂ ’ਚ ਗਿਰਾਵਟ ਦੇ ਵਿਚਕਾਰ ਸੈਂਸੈਕਸ 5 ਫੀਸਦੀ ਤੋਂ ਵੱਧ ਡਿੱਗ ਗਿਆ। 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਸ਼ੁਰੂਆਤੀ ਕਾਰੋਬਾਰ ਵਿੱਚ 3,939.68 ਅੰਕ ਜਾਂ 5.22 ਫੀਸਦੀ ਡਿੱਗ ਕੇ 71,425.01 ’ਤੇ ਆ ਗਿਆ। ਇਕੁਇਟੀ ਵਿਚ ਮੰਦੀ ਦੇ ਰੁਝਾਨ ਨੂੰ ਦਰਸਾਉਂਦੇ ਹੋਏ ਬੀਐਸਈ-ਸੂਚੀਬੱਧ ਫਰਮਾਂ ਦਾ ਬਾਜ਼ਾਰ ਪੂੰਜੀਕਰਨ ਸਵੇਰ ਦੇ ਕਾਰੋਬਾਰ ਦੌਰਾਨ 20,16,293.53 ਕਰੋੜ ਰੁਪਏ ਦੀ ਤੇਜ਼ੀ ਨਾਲ ਘਟ ਕੇ 3,83,18,592.93 ਕਰੋੜ ਰੁਪਏ (4.50 ਖਰਬ ਅਮਰੀਕੀ ਡਾਲਰ) ਹੋ ਗਿਆ।
ਸੈਂਸੈਕਸ ਦੀਆਂ ਸਾਰੀਆਂ ਫਰਮਾਂ ਹੇਠਾਂ ਕਾਰੋਬਾਰ ਕਰ ਰਹੀਆਂ ਸਨ। ਟਾਟਾ ਸਟੀਲ ਅਤੇ ਟਾਟਾ ਮੋਟਰਜ਼ 10-10 ਫੀਸਦੀ ਤੋਂ ਵੱਧ ਡਿੱਗ ਗਏ। ਇਸ ਦੌਰਾਨ ਲਾਰਸਨ ਐਂਡ ਟੂਬਰੋ, ਐੱਚਸੀਐੱਲ ਟੈੱਕਨਾਲੋਜੀਜ਼, ਅਡਾਨੀ ਪੋਰਟਸ, ਟੈੱਕ ਮਹਿੰਦਰਾ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਰਿਲਾਇੰਸ ਇੰਡਸਟਰੀਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਵਿਚ ਵੱਡੀਆਂ ਗਿਰਾਵਟਾਂ ਸਨ।
ਆਲਮੀ ਪੱਧਰ ’ਤੇ ਬਜ਼ਾਰ ਹੋਏ ਪ੍ਰਭਾਵਿਤ
ਏਸ਼ਿਆਈ ਬਾਜ਼ਾਰਾਂ ਵਿੱਚ ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 11 ਫੀਸਦੀ ਤੋਂ ਵੱਧ ਡਿੱਗ ਗਿਆ, ਟੋਕੀਓ ਦਾ ਨਿੱਕੀ-225 7 ਫੀਸਦੀ, ਸ਼ੰਘਾਈ ਐੱਸਐੱਸਈ ਕੰਪੋਜ਼ਿਟ ਇੰਡੈਕਸ ਕਰੀਬ 7 ਫੀਸਦੀ ਹੇਠਾਂ ਆਇਆ ਅਤੇ ਦੱਖਣੀ ਕੋਰੀਆ ਦਾ ਕੋਸਪੀ 5 ਫੀਸਦੀ ਤੋਂ ਵੱਧ ਡਿੱਗ ਗਿਆ।
ਜੀਓਜੀਤ ਫਾਇਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ, "ਵਿਸ਼ਵ ਪੱਧਰ ’ਤੇ ਬਾਜ਼ਾਰ ਅਸਥਿਰਤਾ ਅਤੇ ਬੇਯਕੀਨੀ ਦੇ ਮਾਹੌਲ ਵਿਚੋਂ ਗੁਜ਼ਰ ਰਹੇ ਹਨ। ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਟਰੰਪ ਦੇ ਟੈਕਸ ਕਾਰਨ ਪੈਦਾ ਹੋਈ ਦੁਚਿੱਤੀ ਮਗਰੋਂ ਬਜ਼ਾਰ ਕਦੋਂ ਮੁੜ ਪੈਰਾਂ ਸਿਰ ਹੋਵੇਗਾ।’’-ਪੀਟੀਆਈ
Advertisement