ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਲਈ ਵਿਸ਼ੇਸ਼ ਨਾਕਾਬੰਦੀ
ਜਤਿੰਦਰ ਿਸੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 26 ਮਾਰਚ
ਅੱਜ ਤੜਕਸਾਰ ਪੁਲੀਸ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਖ਼ਤ ਨਾਕੇਬੰਦੀ ਕਰਕੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਜਿਸ ਕਾਰਨ ਆਮ ਲੋਕਾਂ ਵਿੱਚ ਪੁਲੀਸ ਨਾਕਿਆਂ ’ਤੇ ਅਚਾਨਕ ਭਾਰੀ ਪੁਲੀਸ ਫੋਰਸ ਤਾਇਨਾਤ ਰੱਖਣ ਦੀ ਸਵਾਲੀਆ ਚਰਚਾ ਬਣੀ ਰਹੀ। ਐੱਸਐੱਚਓ ਪ੍ਰਭਜੀਤ ਸਿੰਘ ਗਿੱਲ ਨੇ ਇਨ੍ਹਾਂ ਨਾਕਿਆਂ ਨੂੰ ਸ਼ਪੈਸਲ ਚੈਕਿੰਗ ਦਾ ਹਿੱਸਾ ਦੱਸਦਿਆਂ ਆਖਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਗੈਰ-ਕਾਗਜ਼ਾਤ ਵਾਲੇ ਵਾਹਨਾਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਕਸਬੇ ਅੰਦਰ ਕੁੱਝ ਸਕੂਲੀ ਵਿਦਿਆਰਥੀਆਂ ਵੱਲੋਂ ਮੋਟਰਸਾਈਕਲ ’ਤੇ ਹੁੱਲੜਬਾਜ਼ੀ ਕਰਨ ਦੀਆਂ ਲਗਾਤਾਰ ਸ਼ਿਕਾਇਤ ਮਿਲ ਰਹੀਆਂ ਸਨ ਜਿਸ ਦੇ ਮੱਦੇਨਜ਼ਰ ਐੱਸਐੱਸਪੀ ਅਭਿਮਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਸਬੇ ਦੇ ਵੱਖ-ਵੱਖ ਅਹਿਮ ਅਸਥਾਨਾਂ ’ਤੇੇ ਪੁਲੀਸ ਨਾਕਿਆਂ ਉੱਤੇ ਪੁਲੀਸ ਫੋਰਸ ਤਾਇਨਾਤ ਕਰਕੇ ਹਰ ਆਉਣ ਜਾਣ ਵਾਲਿਆਂ ਦੀ ਸ਼ਨਾਖਤ ਕਰਨ ਦੇ ਨਾਲ-ਨਾਲ ਵਾਹਨਾਂ ਦੇ ਕਾਗਜ਼ਾਤ ਦੀ ਚੈਕਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਤਿੰਨ ਤੋਂ ਚਾਰ ਦੇ ਕਰੀਬ ਪਟਾਕੇ ਚਲਾਉਣ ਵਾਲੇ ਮੋਟਰਸਾਈਕਲਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਵਾਹਨਾਂ ਦੇ ਕਾਗਜ਼ਾਤ ਦੀ ਘਾਟ ਕਾਰਨ ਕਰੀਬ 15 ਚਲਾਨ ਕੱਟੇ ਗਏ ਹਨ।
ਨਿੰਮ ਵਾਲ ਘਾਟੀ ਦੇ ਮੁਹੱਲੇ ’ਚ ਛਾਪੇ ਮਾਰੇ
ਜ਼ਿਲ੍ਹਾ ਪੁਲੀਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਅੱਜ ਕਸਬੇ ਦੇ ਨਸ਼ਿਆ ਲਈ ਬਦਨਾਮ ਨਿੰਮ ਵਾਲੀ ਘਾਟੀ ਦੇ ਮੁਹੱਲੇ ਵਿੱਚ ਕਾਸੋ ਅਪ੍ਰੇਸ਼ਨ ਚਲਾਇਆ ਗਿਆ। ਇਸ ਦੀ ਅਗਵਾਈ ਡੀਐੱਸਪੀ ਅਤੁਲ ਸੋਨੀ ਅਤੇ ਐਸਐਚਓ ਪ੍ਰਭਜੀਤ ਸਿੰਘ ਗਿੱਲ ਨੇ ਕੀਤੀ। ਇਸ ਛਾਪੇਮਾਰੀ ਦੌਰਾਨ ਕਈ ਨਸ਼ਾ ਤਸਕਰਾਂ ਦੇ ਘਰ ਤਾਂਲੇ ਲੱਗੇ ਮਿਲੇ, ਉੱਥੇ ਹੀ ਕਈ ਨਸ਼ਾ ਤਸਕਰਾਂ ਦੇ ਘਰ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਪੁਲੀਸ ਦੇ ਹੱਥ ਖਾਲੀ ਨਜ਼ਰ ਆਏ।