ਸਥਾਪਤੀ ਵਿਰੁੱਧ ਬੋਲ
ਦੇਸ਼ ਦੇ ਚਿੰਤਕਾਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਚਿੱਤਰਕਾਰਾਂ, ਫਿਲਮ ਨਿਰਦੇਸ਼ਕਾਂ, ਅਦਾਕਾਰਾਂ ਤੇ ਹੋਰ ਕਲਾਵਾਂ ਨਾਲ ਜੁੜੇ ਸਿਰਜਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਦੇ ਹੱਕ ਵਿਚ ਬੋਲਣ। ਲੋਕਾਂ ਦੇ ਹੱਕ ਵਿਚ ਬੋਲੇ ਗਏ ਬੋਲ ਬੁਨਿਆਦੀ ਤੌਰ ‘ਤੇ ਸੱਤਾ, ਸਥਾਪਤੀ ਤੇ ਹਕੂਮਤਾਂ ਦੇ ਲੋਕ-ਵਿਰੋਧੀ ਫ਼ੈਸਲਿਆਂ ਵਿਰੁੱਧ ਬੋਲੇ ਗਏ ਬੋਲ ਹੁੰਦੇ ਹਨ। ਪੁਰਾਤਨ ਸਮਿਆਂ ਵਿਚ ਰਾਜੇ-ਰਜਵਾੜੇ ਲੇਖਕਾਂ, ਚਿੰਤਕਾਂ ਤੇ ਕਲਾਕਾਰਾਂ ਦੀ ਸਰਪ੍ਰਸਤੀ ਕਰਦੇ ਸਨ ਅਤੇ ਇਹ ਰੁਝਾਨ ਮੱਧਕਾਲੀਨ ਸਮਿਆਂ ਵਿਚ ਵੀ ਜਾਰੀ ਰਿਹਾ ਪਰ ਇਸ ਦੇ ਨਾਲ ਨਾਲ ਵੱਖ ਵੱਖ ਸਮਿਆਂ ਵਿਚ ਚਿੰਤਕਾਂ ਤੇ ਲੇਖਕਾਂ ਨੇ ਹਕੂਮਤਾਂ ਵਿਰੁੱਧ ਆਵਾਜ਼ ਉਠਾਈ ਅਤੇ ਜਬਰ ਦਾ ਸਾਹਮਣਾ ਕੀਤਾ।
ਵੀਹਵੀਂ ਸਦੀ ਵਿਚ ਚਿੰਤਕਾਂ, ਲੇਖਕਾਂ ਤੇ ਕਲਾਕਾਰਾਂ ਵਿਚ ਸਥਾਪਤੀ ਨਾਲ ਆਢਾ ਲਗਾਉਣ ਦਾ ਰੁਝਾਨ ਵਧਿਆ ਅਤੇ ਸਥਾਪਤੀ-ਵਿਰੋਧ ਨੂੰ ਸਾਹਿਤ ਤੇ ਕਲਾ ਦਾ ਪ੍ਰਮੁੱਖ ਥੰਮ੍ਹ ਮੰਨਿਆ ਜਾਣ ਲੱਗਾ। ਲੋਕਾਂ ਵਿਚ ਇਹ ਭਾਵਨਾ ਪਨਪੀ ਕਿ ਸਿਰਜਕਾਂ ਤੇ ਕਲਾਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਦੀਆਂ ਸਮੱਸਿਆਵਾਂ ਪ੍ਰਤੀ ਚੇਤੰਨ ਹੋਣ ਅਤੇ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਣ। ਭਾਰਤ ਵਿਚ ਬਸਤੀਵਾਦ ਰਾਜ ਦੌਰਾਨ ਅਨੇਕਾਂ ਲੇਖਕਾਂ, ਕਲਾਕਾਰਾਂ ਤੇ ਪੱਤਰਕਾਰਾਂ ਨੇ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲਿਆ ਅਤੇ ਕਲਾ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਅੰਗਰੇਜ਼ ਹਕੂਮਤ ਨਾਲ ਮੱਥਾ ਲਾਇਆ। ਅਨੇਕਾਂ ਕਿਤਾਬਾਂ, ਨਾਟਕਾਂ, ਗੀਤਾਂ, ਨੌਟੰਕੀਆਂ ਆਦਿ ‘ਤੇ ਪਾਬੰਦੀ ਲੱਗੀ ਅਤੇ ਲੇਖਕ, ਕਲਾਕਾਰ, ਚਿੰਤਕ ਤੇ ਰੰਗਕਰਮੀ ਜੇਲ੍ਹਾਂ ਵਿਚ ਡੱਕੇ ਗਏ। ਫਿਲਮਾਂ ਬਣਨੀਆਂ ਸ਼ੁਰੂ ਹੋਣ ‘ਤੇ ਇਹ ਰੁਝਾਨ ਫਿਲਮਾਂ ਵਿਚ ਵੀ ਵਧਿਆ। ਫਿਲਮਾਂ ਵਿਚ ਬਸਤੀਵਾਦ ਦਾ ਵਿਰੋਧ ਦੋ ਤਰ੍ਹਾਂ ਨਾਲ ਕੀਤਾ ਗਿਆ: ਪੁਰਾਣੇ ਲੋਕ-ਨਾਇਕਾਂ ਬਾਰੇ ਫਿਲਮਾਂ ਬਣਾ ਕੇ ਅਤੇ ਤਤਕਾਲੀਨ ਸਮੱਸਿਆਵਾਂ ਨੂੰ ਫਿਲਮਾਂ ਵਿਚ ਦਰਸਾ ਕੇ। 1943 ਵਿਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੀ ਸਥਾਪਨਾ ਨੇ ਫਿਲਮ ਜਗਤ ‘ਤੇ ਵੱਡਾ ਪ੍ਰਭਾਵ ਪਾਇਆ। ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਖਵਾਜਾ ਅਹਿਮਦ ਅੱਬਾਸ, ਸਲਿਲ ਚੌਧਰੀ, ਬਿਮਲ ਰਾਏ, ਚੇਤਨ ਆਨੰਦ, ਦੇਵ ਆਨੰਦ, ਅਲੀ ਸਰਦਾਰ ਜਾਫ਼ਰੀ, ਸਾਹਿਰ ਲੁਧਿਆਣਵੀ, ਮਜਰੂਹ ਸੁਲਤਾਨਪੁਰੀ, ਕੈਫ਼ੀ ਆਜ਼ਮੀ, ਸ਼ੈਲਿੰਦਰ ਅਤੇ ਕਈ ਹੋਰ ਉੱਘੇ ਫਿਲਮੀ ਕਲਾਕਾਰ ਇਸ ਸੰਸਥਾ ਦੇ ਮੈਂਬਰ ਬਣੇ। ਉਰਦੂ ਲੇਖਕ ਕ੍ਰਿਸ਼ਨ ਚੰਦਰ ਨੇ ‘ਧਰਤੀ ਕੇ ਲਾਲ’ ਫਿਲਮ ਦੀ ਕਹਾਣੀ ਲਿਖੀ ਅਤੇ ਖਵਾਜਾ ਅਹਿਮਦ ਅੱਬਾਸ ਨੇ ਇਸ ਦੀ ਨਿਰਦੇਸ਼ਨਾ ਕੀਤੀ। ਚੇਤਨ ਆਨੰਦ ਨੇ ‘ਨੀਚਾ ਨਗਰ’ ਜਿਹੀ ਫਿਲਮ ਬਣਾਈ ਜਿਸ ਦੀ ਕਹਾਣੀ ਮੈਕਸਿਮ ਗੋਰਕੀ ਦੇ ਨਾਟਕ ‘ਲੋਅਰ ਡੈਪਥਜ਼ (Lower Depths)’ ‘ਤੇ ਆਧਾਰਿਤ ਸੀ। ਬਿਮਲ ਰਾਏ ਦੀ ‘ਦੋ ਬਿਘਾ ਜ਼ਮੀਨ’ ਸਮੇਤ ਅਨੇਕ ਫਿਲਮਾਂ ਸਮਾਜ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਸਨ। ਅਦਾਕਾਰ, ਫਿਲਮ ਨਿਰਦੇਸ਼ਕ, ਲੇਖਕ ਆਦਿ ਨਾ ਸਿਰਫ਼ ਬਸਤੀਵਾਦ ਵਿਰੁੱਧ ਲੜੇ ਸਗੋਂ ਆਜ਼ਾਦੀ ਤੋਂ ਬਾਅਦ ਵੀ ਸੱਤਾ-ਵਿਰੋਧੀ ਫਿਲਮਾਂ ਬਣਾਉਂਦੇ ਅਤੇ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਂਦੇ ਰਹੇ। ਬਲਰਾਜ ਸਾਹਨੀ ਜਿਹੇ ਕਲਾਕਾਰ ਆਜ਼ਾਦੀ ਤੋਂ ਬਾਅਦ ਵੀ ਜੇਲ੍ਹ ਵਿਚ ਗਏ।
ਪਿਛਲੇ ਕੁਝ ਸਮਿਆਂ ਤੋਂ ਮੁੰਬਈ ਦੇ ਫਿਲਮ ਅਦਾਕਾਰਾਂ, ਲੇਖਕਾਂ ਤੇ ਨਿਰਦੇਸ਼ਕਾਂ ਨੇ ਚੁੱਪ ਰਹਿਣ ਵਿਚ ਹੀ ਆਪਣੀ ਭਲਾਈ ਸਮਝੀ ਹੈ। ਦੇਸ਼ ਵਿਚ ਅਜਿਹਾ ਮਾਹੌਲ ਬਣਾਇਆ ਗਿਆ ਹੈ ਜਿਸ ਵਿਚ ਸਥਾਪਤੀ ਵਿਰੁੱਧ ਬੋਲਣ ਵਾਲੇ ‘ਤੇ ਮੁਸੀਬਤਾਂ ਦਾ ਪਹਾੜ ਟੁੱਟਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਕੁਝ ਦਿਨ ਪਹਿਲਾਂ ਕੋਲਕਾਤਾ ਵਿਚ ਹੋਏ ਇਕ ਸਮਾਗਮ ਵਿਚ ਅਮਿਤਾਬ ਬੱਚਨ ਤੇ ਸ਼ਾਹਰੁਖ ਖ਼ਾਨ ਨੇ ਕੁਝ ਅਜਿਹਾ ਕਿਹਾ ਹੈ ਜੋ ਸੱਤਾਧਾਰੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਅਮਿਤਾਬ ਬੱਚਨ ਨੇ ਕਿਹਾ, ”ਮੈਨੂੰ ਯਕੀਨ ਹੈ ਕਿ ਮੰਚ ‘ਤੇ ਬੈਠੇ ਮੇਰੇ ਸਾਥੀ ਮੇਰੇ ਨਾਲ ਸਹਿਮਤ ਹੋਣਗੇ ਕਿ ਨਾਗਰਿਕਾਂ ਦੀ ਆਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਬਾਰੇ ਸਵਾਲ ਉਠਾਏ ਜਾ ਰਹੇ ਹਨ।” ਉਸ ਨੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਵੀ ਦੋਸ਼ ਲਾਇਆ। ਸ਼ਾਹਰੁਖ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਵੰਡਪਾਊ ਰੁਝਾਨਾਂ ਦਾ ਗ਼ਲਬਾ ਹੋਣ ਬਾਰੇ ਫ਼ਿਕਰ ਜ਼ਾਹਿਰ ਕੀਤਾ। ਇਨ੍ਹਾਂ ਅਦਾਕਾਰਾਂ ਨੇ ਬਹੁਤ ਹੀ ਸੰਜਮਮਈ ਭਾਸ਼ਾ ਵਰਤੀ ਅਤੇ ਆਲੋਚਕ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਦੇਸ਼ ਵਿਚ ਹੋ ਰਹੇ ਵੱਡੇ ਲੋਕ-ਵਿਰੋਧੀ ਵਰਤਾਰਿਆਂ ਵਿਰੁੱਧ ਜ਼ਿਆਦਾ ਕੁਝ ਨਹੀਂ ਬੋਲਿਆ ਪਰ ਸੀਮਤ ਸੰਭਾਵਨਾਵਾਂ ਦੇ ਇਸ ਦੌਰ ਵਿਚ ਵੀ ਅਜਿਹੇ ਬੋਲਾਂ ਨੂੰ ‘ਜੀ ਆਇਆਂ’ ਕਹਿਣਾ ਇਸ ਲਈ ਬਣਦਾ ਹੈ ਕਿ ਉੱਘੀਆਂ ਸ਼ਖ਼ਸੀਅਤਾਂ ਦੇ ਬੋਲੇ ਗਏ ਬੋਲ ਲੋਕ-ਸਮੂਹਾਂ ਵਿਚ ਦੂਰ ਤਕ ਜਾਂਦੇ ਹਨ; ਇਹ ਇਸ ਗੱਲ ਦਾ ਵੀ ਸੰਕੇਤ ਹਨ ਕਿ ਦੇਸ਼ ਵਿਚ ਪਸਰੀ ਹੋਈ ਵਿਆਪਕ ਚੁੱਪ ਨੂੰ ਬਹੁਤ ਦੇਰ ਤਕ ਕਾਇਮ ਨਹੀਂ ਰੱਖਿਆ ਜਾ ਸਕਦਾ। ਫਿਲਮੀ ਦੁਨੀਆ ਦੇ ਵਿਅਕਤੀ ਬਹੁਤਾ ਕਰ ਕੇ ਚੁੱਪ ਰਹੇ ਹਨ ਪਰ ਲੋਕਾਂ ਨਾਲ ਜੁੜੇ ਕਲਾਕਾਰਾਂ, ਗਾਇਕਾਂ, ਰੰਗਕਰਮੀਆਂ, ਲੇਖਕਾਂ, ਗੀਤਕਾਰਾਂ ਆਦਿ ਨੇ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਈ ਅਤੇ ਜਬਰ ਝੱਲੇ ਹਨ। ਕਈ ਲੇਖਕ, ਪੱਤਰਕਾਰ ਅਤੇ ਰੰਗਕਰਮੀ ਅੱਜ ਵੀ ਜੇਲ੍ਹਾਂ ‘ਚ ਹਨ। ਫਿਲਮਾਂ ਕਲਾ ਦੇ ਸੰਸਾਰ ਦਾ ਹਿੱਸਾ ਹਨ। ਕਲਾ ਲੋਕਾਂ ਦੇ ਦਿਲ ਵਿਚ ਜਿਊਂਦੀ ਰਹਿ ਕੇ ਹੀ ਜ਼ਿੰਦਾ ਰਹਿ ਸਕਦੀ ਹੈ। ਫਿਲਮੀ ਹਸਤੀਆਂ ਨੂੰ ਲੋਕਾਂ ਦੇ ਹੱਕ ਵਿਚ ਖਲੋਣਾ ਚਾਹੀਦਾ ਹੈ।