ਹਿਮਾਚਲ ਪ੍ਰਦੇਸ਼ ਦੇ ਛੇ ਕਾਂਗਰਸੀ ਵਿਧਾਇਕ ਪੰਚਕੂਲਾ ਪੁੱਜੇ
ਪੀ.ਪੀ. ਵਰਮਾ
ਪੰਚਕੂਲਾ, 27 ਫਰਵਰੀ
ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਦੀ ਇੱਕ ਸੀਟ ਲਈ ਅੱਜ ਹੋਈ ਚੋਣ ਵਿੱਚ ਕਾਂਗਰਸੀ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ ਜਿਸ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਖਤਰੇ ਵਿੱਚ ਪੈ ਗਈ ਹੈ। ਇਸ ਦੌਰਾਨ ਅੱਜ ਹਿਮਾਚਲ ਪ੍ਰਦੇਸ਼ ਦੇ ਛੇ ਕਾਂਗਰਸੀ ਵਿਧਾਇਕਾਂ ਸਣੇ ਕੁੱਲ ਨੌਂ ਵਿਧਾਇਕ ਪੰਚਕੂਲਾ ਦੇ ਪੀਡਬਲਯੂਡੀ ਗੈਸਟ ਹਾਊਸ ਪੁੱਜ ਗਏ ਜਿਸ ਤੋਂ ਬਾਅਦ ਗੈਸਟ ਹਾਊਸ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਗੈਸਟ ਹਾਊਸ ਵਿਚ ਬਾਹਰੀ ਵਿਅਕਤੀਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਹੈ ਪਰ ਦੇਰ ਸ਼ਾਮ ਇਨ੍ਹਾਂ ਵਿਧਾਇਕਾਂ ਨੂੰ ਪੰਚਕੂਲਾ ਦੇ ਇੱਕ ਹੋਟਲ ਵਿੱਚ ਲਿਆਂਦਾ ਗਿਆ। ਦੂਜੇ ਪਾਸੇ ਇਥੋਂ ਦੇ ਮਾਤਾ ਮਨਸਾ ਦੇਵੀ ਕੰਪਲੈਕਸ (ਐਮਡੀਸੀ) ਵਿਚਲੇ ਭਾਜਪਾ ਦਫ਼ਤਰ ਵਿਚ ਅਚਾਨਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਚਕੂਲਾ ਵਿੱਚ ਪਹੁੰਚੇ ਕਾਂਗਰਸੀ ਵਿਧਾਇਕਾਂ ਦੀ ਭਾਜਪਾ ਆਗੂ ਤਰੁਣ ਭੰਡਾਰੀ ਨੇ ਆਓ ਭਗਤ ਕੀਤੀ। ਇਨ੍ਹਾਂ ਵਿਧਾਇਕਾਂ ਨੂੰ ਸੀਆਰਪੀਐਫ ਦੀ ਨਿਗਰਾਨੀ ਹੇਠ ਪੰਚਕੂਲਾ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਇਥੇ ਆਏ ਕਾਂਗਰਸ ਦੇ ਛੇ ਵਿਧਾਇਕਾਂ ਵਿਚ ਇੰਦਰਜੀਤ ਲਖਨਪਾਲ, ਚੇਤੰਨਿਆ ਸ਼ਰਮਾ, ਸੁਧੀਰ ਸ਼ਰਮਾ, ਰਾਜਿੰਦਰ ਰਾਣਾ, ਦਵਿੰਦਰ ਸਿੰਘ ਅਤੇ ਰਵੀ ਠਾਕੁਰ ਦੱਸੇ ਗਏ ਹਨ।