ਸ੍ਰੀਨਗਰ ’ਚ ਫਰੀਦਕੋਟ ਦਾ ਅਗਨੀਵੀਰ ਅਕਾਸ਼ਦੀਪ ਸਿੰਘ ਸ਼ਹੀਦ
ਕੋਟਕਪੂਰਾ, 15 ਮਈ
ਜ਼ਿਲ੍ਹੇ ਦੇ ਪਿੰਡ ਚਾਹਿਲ ਨਾਲ ਸਬੰਧਤ ਅਗਨੀਵੀਰ ਅਕਾਸ਼ਦੀਪ ਸਿੰਘ ਦੇ ਸ੍ਰੀਨਗਰ ਵਿੱਚ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਿਆ। ਇਸ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਅੱਜ ਸਵੇਰੇ ਤੋਂ ਹੀ ਇਲਾਕੇ ਭਰ ਦੇ ਪਤਵੰਤੇ ਸ਼ਹੀਦ ਦੇ ਪਿਤਾ ਬਲਵਿੰਦਰ ਸਿੰਘ ਨਾਲ ਦੁੱਖ ਪ੍ਰਗਟਾਉਣ ਲਈ ਪਹੁੰਚ ਰਹੇ ਹਨ।
ਪਰਿਵਾਰ ਅਨੁਸਾਰ ਅਕਾਸ਼ਦੀਪ ਦੀ ਲਾਸ਼ ਸ਼ੁੱਕਰਵਾਰ ਤੱਕ ਪਿੰਡ ਪਹੁੰਚੇਗੀ।ਅਕਾਸ਼ਦੀਪ ਜ਼ਿਲ੍ਹੇ ਨਾਲ ਸਬੰਧਿਤ ਪਹਿਲਾਂ ਅਗਨੀਵੀਰ ਸ਼ਹੀਦ ਹੈ।
ਅਕਾਸ਼ਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੌਣੇ ਦੋ ਸਾਲ ਪਹਿਲਾਂ ਉਹ ਭਾਰਤੀ ਫ਼ੌਜ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ ਅਤੇ ਕੁਝ ਸਮਾਂ ਹਿਸਾਰ ਡਿਊਟੀ ’ਤੇ ਕਹਿਣ ਮਗਰੋਂ ਉਸ ਨੂੰ ਹੁਣ ਸ੍ਰੀਨਗਰ ਡਿਊਟੀ `ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਅਕਾਸ਼ਦੀਪ ਨਾਲ ਪਰਿਵਾਰ ਦੀ ਗੱਲ ਹੋਈ ਸੀ ਅਤੇ ਸਭ ਠੀਕ‘ਠਾਕ ਸੀ ਪਰ ਅੱਜ ਸਵੇਰ ਤੋਂ ਉਸ ਨਾਲ ਸੰਪਰਕ ਨਹੀਂ ਸੀ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ 12 ਅਪਰੈਲ ਨੂੰ ਅਕਾਸ਼ਦੀਪ ਛੁੱਟੀ ਆਇਆ ਸੀ ਅਤੇ 27 ਅਪਰੈਲ ਨੂੰ ਹੀ ਵਾਪਸ ਗਿਆ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਕਮਾਂਡਰ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਅਕਾਸ਼ਦੀਪ ਦੇ ਸਿਰ ਵਿੱਚ ਗੋਲੀ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਸੋਸ਼ਲ ਮੀਡੀਆ ਰਾਹੀਂ ਅਗਨੀਵੀਰ ਅਕਾਸ਼ਦੀਪ ਸਿੰਘ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਕਾਸ਼ਦੀਪ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।