India-Pak Tension: ਪਾਕਿਸਤਾਨ ਨਾਲ ਸਾਡੇ ਸਬੰਧੀ ਪੂਰੀ ਤਰ੍ਹਾਂ ਦੁਵੱਲੇ ਹੋਣਗੇ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਅਤੇ ਵਪਾਰ ‘ਪੂਰੀ ਤਰ੍ਹਾਂ ਦੁੱਵਲਾ’ ਰਹੇਗਾ ਅਤੇ ਇਸ ਸਬੰਧੀ ਕਈ ਸਾਲਾਂ ਤੋਂ ਕੌਮੀ ਸਹਿਮਤੀ ਬਣੀ ਹੋਈ ਹੈ ਅਤੇ ਇਸ ’ਚ ‘ਕਦੇ ਕੋਈ ਬਦਲਾਅ ਨਹੀਂ’ ਹੋਵੇਗਾ।
ਜੈਸ਼ੰਕਰ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ ਅਤੇ ਸੱਤ ਮਈ ਦੀ ਸਵੇਰੇ ‘‘ਅਸੀਂ ਅਪਰੇਸ਼ਨ ਸਿੰਧੂਰ ਜ਼ਰੀਏ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ।’’
ਕਸ਼ਮੀਰ ਦੇ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਨੇ ਛੇ-ਸੱਤ ਮਈ ਦੀ ਰਾਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਅਤਿਵਾਦੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਸੀ, ਜਿਸ ਮਗਰੋਂ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫ਼ੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਦੀ ਕਾਰਵਾਈ ਦਾ ਭਾਰਤੀ ਵੱਲੋਂ ਸਖ਼ਤ ਜਵਾਬ ਦਿੱਤਾ ਗਿਆ ਸੀ।
ਦੋਵਾਂ ਦੇਸ਼ਾਂ ਨੇ 10 ਮਈ ਨੂੰ ਮਿਲਟਰੀ ਅਪਰੇਸ਼ਨ ਦੇ ਡਾਇਰੈਕਟਰ ਜਨਰਲਾਂ ਦਰਮਿਆਨ ਹੋਈ ਗੱਲਬਾਤ ਮਗਰੋਂ ਫ਼ੌਜੀ ਕਾਰਵਾਈਆਂ ਨੂੰ ਰੋਕਣ ਬਾਰੇ ਬਣੀ ਸਹਿਮਤੀ ਨਾਲ ਜੰਗ ਖ਼ਤਮ ਹੋਈ ਸੀ।
ਜੈਸ਼ੰਕਰ ਨੇ ਕਿਹਾ, ‘‘ਮੇਰੇ ਲਈ ਚੀਜ਼ਾਂ ਬਿਲਕੁਲ ਸਪੱਸ਼ਟ ਹਨ, ਮੈਂ ਇਸ ਮੌਕੇ ਆਪਣੀ ਸਥਿਤੀ ਸਪੱਸ਼ਟ ਕਰਨਾ ਚਾਹੁੰਦਾ ਹਾਂ। ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਸਾਡੇ ਸਬੰਧ, ਉਨ੍ਹਾਂ ਨਾਲ ਪੁੂਰੀ ਤਰ੍ਹਾਂ ਦੁਵੱਲੇ ਰਹਿਣਗੇ।’’
ਉਨ੍ਹਾਂ ਕਿਹਾ, ‘‘ਕਈ ਸਾਲਾਂ ਤੋਂ ਇਹ ਕੌਮੀ ਸਹਿਮਤੀ ਹੈ ਅਤੇ ਇਸ ਸਹਿਮਤੀ ’ਚ ਕੋਈ ਬਦਲਾਅ ਨਹੀਂ ਆਇਆ ਹੈ ਕਿ ਪਾਕਿਸਤਾਨ ਨਾਲ ਸਬੰਧ ਦੁਵੱਲੇ ਹੋਣਗੇ।’’
ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ‘ਬਹੁਤ ਸਪੱਸ਼ਟ’ ਕਰ ਦਿੱਤੀ ਹੈ ਕਿ ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਸਿਰਫ਼ ਅਤਿਵਾਦ ’ਤੇ ਹੀ ਹੋਵੇਗੀ।
ਵਿਦੇਸ਼ ਮੰਤਰੀ ਨੇ ਕਿਹਾ, ‘‘ਪਾਕਿਸਤਾਨ ਕੋਲ ਅਤਿਵਾਦੀਆਂ ਦੀ ਇੱਕ ਸੂਚੀ ਹੈ, ਜਿਸ ਨੂੰ ਸੌਂਪਣ ਦੀ ਲੋੜ ਹੈ। ਉਨ੍ਹਾਂ ਨੂੰ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਬੰਦ ਕਰਨ ਪਵੇਗਾ, ਉਹ ਜਾਣਦੇ ਹਨ ਕਿ ਕੀ ਕਰਨਾ ਹੈ।’’
ਜੈਸ਼ੰਕਰ ਨੇ ਕਿਹਾ, ‘‘ਅਤਿਵਾਦੀ ’ਤੇ ਕੀ ਕੀਤਾ ਜਾਣਾ ਚਾਹੀਦਾ ਹੈ, ਅਸੀਂ ਇਸ ਸਬੰਧੀ ਚਰਚਾ ਕਰਨ ਲਈ ਤਿਆਰ ਹਾਂ।’’
ਕਸ਼ਮੀਰ ਮੁੱਦੇ ’ਤੇ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਕਸ਼ਮੀਰ ’ਤੇ ਚਰਚਾ ਲਈ ਸਿਰਫ਼ ਇੱਕ ਹੀ ਗੱਲ ਬਚੀ ਹੈ, ਉਹ ਹੈ ਮਕਬੁੂਜ਼ਾ ਕਸ਼ਮੀਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਹੇਠ ਲਏ ਗਏ ਭਾਰਤੀ ਖੇਤਰ ਨੂੰ ਖ਼ਾਲੀ ਕਰਵਾਉਣਾ। ਅਸੀਂ ਇਸ ’ਤੇ ਪਾਕਿਸਤਾਨ ਨਾਲ ਚਰਚਾ ਕਰਨ ਲਈ ਤਿਆਰ ਹਾਂ, ਸਰਕਾਰ ਦੀ ਸਥਿਤੀ ਬਹੁਤ ਸਪੱਸ਼ਟ ਹੈ।’’ -ਪੀਟੀਆਈ