Operation Sindoor outreach ਪ੍ਰਧਾਨ ਮੰਤਰੀ ਵੱਲੋਂ ਆਲਮੀ ਮੁਲਕਾਂ ਦੀ ਫੇਰੀ ਤੋਂ ਪਰਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 10 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਅਧਿਕਾਰਤ ਰਿਹਾਇਸ਼ ’ਤੇ ਵੱਖ ਵੱਖ ਪਾਰਟੀਆਂ ਦੇ ਉਨ੍ਹਾਂ ਸੰਸਦ ਮੈਂਬਰਾਂ ਨੂੰ ਮਿਲੇ, ਜੋ ਅਤਿਵਾਦ ਦੇ ਟਾਕਰੇ ਲਈ ਵਿੱਢੇ Operation Sindoor ਬਾਰੇ ਭਾਰਤ ਦਾ ਪੱਖ ਸਪਸ਼ਟ ਕਰਨ ਲਈ Outreach ਪ੍ਰੋਗਰਾਮ ਤਹਿਤ ਵਫ਼ਦਾਂ ਦੇ ਰੂਪ ਵਿਚ ਵੱਖ ਵੱਖ ਆਲਮੀ ਮੁਲਕਾਂ ਦੇ ਦੌਰੇ ਤੋਂ ਪਰਤੇ ਹਨ। ਸੱਤ ਵਫ਼ਦਾਂ ਵਿਚ ਸ਼ਾਮਲ ਪੰਜਾਹ ਤੋਂ ਵੱਧ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਆਪਣੀ ਫੀਡਬੈਕ ਸਾਂਝੀ ਕੀਤੀ। ਕੁਝ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੂਟਨੀਤਕ ਵੀ ਇਨ੍ਹਾਂ ਵਫ਼ਦਾਂ ਵਿਚ ਸ਼ਾਮਲ ਸਨ, ਜਿਨ੍ਹਾਂ ਯੂਰੋਪੀ ਯੂਨੀਅਨ ਤੇ 33 ਹੋਰਨਾਂ ਮੁਲਕਾਂ ਦਾ ਦੌਰਾ ਕੀਤਾ।
ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਵੱਲੋਂ ਜਵਾਬੀ ਕਾਰਵਾਈ ਤਹਿਤ ਵਿੱਢਿਆ Operation Sindoor ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਭਵਿੱਖ ਵਿਚ ਹੋਣ ਵਾਲੇ ਕਿਸੇ ਵੀ ਦਹਿਸ਼ਤੀ ਹਮਲੇ ਨੂੰ ਜੰਗੀ ਕਾਰਵਾਈ ਵਜੋਂ ਲਏਗਾ ਅਤੇ ਉਸੇ ਮੁਤਾਬਕ ਜਵਾਬ ਦੇਵੇਗਾ।
ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਤੋਂ ਚੌਥੀ ਵਾਰ ਐੱਮਪੀ ਬਣੇ ਸ਼ਸ਼ੀ ਥਰੂਰ, ਸਾਬਕਾ ਮੰਤਰੀ ਆਨੰਦ ਸ਼ਰਮਾ ਤੇ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਸਣੇ ਸਰਬ ਪਾਰਟੀ ਵਫ਼ਦਾਂ ਵਿਚ ਸ਼ਾਮਲ ਸੀਨੀਅਰ ਕਾਂਗਰਸੀ ਆਗੂਆਂ ਨੂੰ ਮਿਲੇ। ਇਸ ਮੌਕੇ ਸ਼ਿਵ ਸੈਨਾ ਯੂਬੀਟੀ ਆਗੂ ਪ੍ਰਿਯੰਕਾ ਚਤੁਰਵੇਦੀ ਤੇ ਐੱਨਸੀਪੀ (ਐੱਸਪੀ) ਆਗੂ ਸੁਪ੍ਰਿਆ ਸੂਲੇ ਵੀ ਮੌਜੂਦ ਸਨ। ਵਫ਼ਦਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਕੁੱਲ ਆਲਮ ਵਿਚ ਕੀ ਕਿਹਾ ਤੇ ਉਨ੍ਹਾਂ ਦਾ ਮੁੱਖ ਸੁਨੇਹਾ ਇਹੀ ਸੀ ਕਿ ਭਾਰਤ ਹੁਣ ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲਿਆਂ ਤੇ ਅਤਿਵਾਦੀਆਂ ਨੂੰ ਵੱਖੋ ਵੱਖਰੇ ਨਜ਼ਰੀਏ ਤੋਂ ਨਹੀਂ ਵੇਖੇਗਾ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਪਹਿਲਾਂ ਹੀ ਵਫ਼ਦਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਵਿਰੁੱਧ ਭਾਰਤ ਦੇ ਸਖ਼ਤ ਸਟੈਂਡ ਨੂੰ ਪਹੁੰਚਾਉਣ ਵਿੱਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਵਿਚੋਂ ਚਾਰ ਵਫ਼ਦਾਂ ਦੀ ਅਗਵਾਈ ਸੱਤਾਧਾਰੀ ਗੱਠਜੋੜ (NDA) ਦੇ ਸੰਸਦ ਮੈਂਬਰਾਂ ਨੇ ਕੀਤੀ, ਜਿਨ੍ਹਾਂ ਵਿੱਚ ਦੋ ਭਾਜਪਾ, ਇੱਕ ਜਨਤਾ ਦਲ (ਯੂ) ਅਤੇ ਇੱਕ ਸ਼ਿਵ ਸੈਨਾ ਦਾ ਸੀ, ਜਦੋਂ ਕਿ ਤਿੰਨ ਦੀ ਅਗਵਾਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੀਤੀ, ਜਿਨ੍ਹਾਂ ਵਿੱਚੋਂ ਇੱਕ ਕਾਂਗਰਸ, ਡੀਐੱਮਕੇ ਅਤੇ ਐੱਨਸੀਪੀ (ਐਸਪੀ) ਦਾ ਸੀ।