ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਲਈ ਅੰਮ੍ਰਿਤਸਰ ਵਿੱਚ ਦਫ਼ਤਰ ਖੋਲ੍ਹਿਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਮਾਰਚ
ਸ੍ਰੀ ਅਕਾਲ ਤਖਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਭਰਤੀ ਕਮੇਟੀ ਵੱਲੋਂ ਆਰੰਭ ਕੀਤੀ ਗਈ ਭਰਤੀ ਮੁਹਿੰਮ ਤਹਿਤ ਅੱਜ ਇੱਥੇ ਅੰਮ੍ਰਿਤਸਰ ਵਿੱਚ ਇੱਕ ਭਰਤੀ ਸਬੰਧੀ ਦਫਤਰ ਖੋਲ੍ਹਿਆ ਗਿਆ ਹੈ। ਸਥਾਨਕ ਜੀਟੀ ਰੋਡ ’ਤੇ ਇੱਕ ਕਲੋਨੀ ਵਿੱਚ ਖੋਲ੍ਹੇ ਗਏ ਇਸ ਦਫਤਰ ਦੀ ਆਰੰਭਤਾ ਵੇਲੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ,ਬੀਬੀ ਕਿਰਨਜੋਤ ਕੌਰ ਅਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਡਾਕਟਰ ਰਤਨ ਸਿੰਘ ਅਜਨਾਲਾ ਸਮੇਤ ਹੋਰ ਅਕਾਲੀ ਆਗੂ ਹਾਜ਼ਰ ਸਨ।
ਇਸ ਮੌਕੇ ਡਾਕਟਰ ਅਜਨਾਲਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਇੱਥੇ ਦਫਤਰ ਖੋਲ੍ਹਿਆ ਹੈ ਅਤੇ ਇਸ ਨਾਲ ਲੋਕਾਂ ਨੂੰ ਇੱਥੇ ਸਿੱਧੇ ਰੂਪ ਵਿੱਚ ਦਫ਼ਤਰ ਨਾਲ ਸੰਪਰਕ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਆਖਿਆ ਕਿ ਇਹ ਘਰ ਬੈਠ ਕੇ ਭਰਤੀ ਨਹੀਂ ਕੀਤੀ ਜਾ ਰਹੀ ਸਗੋਂ ਲੋਕਾਂ ਨਾਲ ਮਿਲ ਕੇ ਅਤੇ ਸੰਪਰਕ ਕਰਕੇ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਉਡੀਕ ਰਹੇ ਸਨ ਅਤੇ ਲੋਕਾਂ ਵਿੱਚ ਭਰਤੀ ਸਬੰਧੀ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਕੀਤੇ ਗਏ ਆਦੇਸ਼ ਮੁਤਾਬਿਕ ਭਰਤੀ ਸਬੰਧੀ ਬਣਾਈ ਗਈ ਕਮੇਟੀ ਨੂੰ ਇੱਕ ਦਿਸ਼ਾ ਮਿਲ ਗਈ ਹੈ, ਜਿਸ ਤੇ ਚਲਦਿਆਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਨਵੀਂ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇਕ ਵਿਅਕਤੀ ਦਾ ਨਹੀਂ ਬਲਕਿ ਇੱਕ ਸੰਸਥਾ ਹੈ ਅਤੇ ਇਹ ਸੰਸਥਾ ਲੋਕਾਂ ਵੱਲੋਂ ਬਣਾਈ ਹੋਈ ਸੰਸਥਾ ਹੈ।
ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਇਥੇ ਇਹਨਾਂ ਅਕਾਲੀ ਆਗੂਆਂ ਵੱਲੋਂ ਭਰਤੀ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਵਾਸਤੇ ਨਵੇਂ ਮੈਂਬਰਾਂ ਦੀ ਭਰਤੀ ਵੀ ਕੀਤੀ ਗਈ।