ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਦਾ ਸਵਾਗਤ
ਪੱਤਰ ਪ੍ਰੇਰਕ
ਤਰਨ ਤਾਰਨ, 25 ਮਾਰਚ
ਪਟਿਆਲਾ ਜੇਲ੍ਹ ਤੋਂ ਬੀਤੀ ਅੱਧੀ ਰਾਤ ਨੂੰ ਬਿਨਾਂ ਸ਼ਰਤ ਰਿਹਾਅ ਹੋ ਕੇ ਆਏ ਕਿਸਾਨਾਂ ਦੇ ਅੱਜ ਇੱਥੇ ਪਹੁੰਚਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸ਼ੇਰੋਂ ਪਿੰਡ ਦੇ ਗੁਰਦੁਆਰਾ ਬਾਬਾ ਸਿੱਧਵਾਂ ਸਿਧਾਣਾ ਵਿੱਚ ਕੀਤੇ ਸਮਾਗਮ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਰਿਹਾਅ ਕੀਤੇ ਕਿਸਾਨਾਂ ਵਿੱਚ 11 ਔਰਤਾਂ ਅਤੇ 18 ਮਰਦ ਕਿਸਾਨ ਸ਼ਾਮਲ ਹਨ, ਜਿਨ੍ਹਾਂ ਨੂੰ 19 ਮਾਰਚ ਦੀ ਸ਼ਾਮ ਵੇਲੇ ਪੰਜਾਬ ਦੀ ਪੁਲੀਸ ਵੱਲੋਂ ਸ਼ੰਭੂ-ਖਨੌਰੀ ਦੇ ਬਾਰਡਰ ਖਾਲੀ ਕਰਵਾਉਣ ਤੇ ਭਾਰੀ ਜਬਰ ਕਰਦਿਆਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ| ਇਨ੍ਹਾਂ ਰਿਹਾਅ ਕੀਤੇ ਕਿਸਾਨਾਂ ਨੇ ਰਾਤ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਰਾਤ ਬਿਤਾਈ ਅਤੇ ਸਵੇਰ ਵੇਲੇ ਜਥੇਬੰਦੀ ਵੱਲੋਂ ਇੱਥੋਂ ਭੇਜੀ ਭੇਜੇ ਵਾਹਨ ਉਨ੍ਹਾਂ ਨੂੰ ਇੱਥੇ ਲੈ ਕੇ ਆਏ। ਇਨ੍ਹਾਂ ਕਿਸਾਨਾਂ ਦਾ ਸ਼ੇਰੋਂ ਦੇ ਗੁਰਦੁਆਰਾ ਵਿਖੇ ਸ਼ਾਨਦਾਰ ਸਨਮਾਨ ਕੀਤਾ ਗਿਆ।
ਇਕੱਠ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਸਤਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਚੁਤਾਲਾ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਸ਼ਕਰੀ, ਆਦਿ ਨੇ ਸੰਬੋਧਨ ਕੀਤਾ| ਆਗੂਆਂ ਸਰਕਾਰ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਲਈ 28 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ (ਭਾਰਤ) ਵੱਲੋਂ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਧਰਨਿਆਂ ਵਿੱਚ ਸ਼ਾਮਲ ਹੋਣ ਅਤੇ 31 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਸਾਹਮਣੇ ਧਰਨੇ ਦੇਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਵੀ ਐਲਾਨ ਕੀਤਾ|