ਸ਼ੈਲੀ ਓਬਰਾਏ ਨੇ ਲਾਰਵਾਨਾਸ਼ਕ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
10:06 AM Aug 19, 2023 IST
ਨਵੀਂ ਦਿੱਲੀ: ਦਿੱਲੀ ਦੀ ਮੇਅਰ ਸ਼ੈਲੀ ਉਬਰਾਏ ਨੇ ਸ਼ੁੱਕਰਵਾਰ ਨੂੰ ਇੱਕ ‘ਟਰਮੀਨੇਟਰ ਟਰੇਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਰੇਲ ਮੱਛਰਾਂ ਦੀ ਪੈਦਾਵਰ ਨੂੰ ਰੋਕਣ ਲਈ ਰੇਲਵੇ ਪਟੜੀਆਂ ’ਤੇ ਲਾਰਵਾਨਾਸ਼ਕ ਦਵਾਈ ਦਾ ਛਿੜਕਾਅ ਕਰੇਗੀ। ਇਸ ਸਾਲ ਅਗਸਤ ਮਹੀਨੇ ਤੋਂ ਪਹਿਲਾਂ ਹਫ਼ਤੇ ਦੌਰਾਨ ਦਿੱਲੀ ਵਿੱਚ ਡੇਂਗੂ ਦੇ ਲੱਗਪੱਗ 350 ਮਾਮਲੇ ਸਾਹਮਣੇ ਆ ਚੁੱਕੇ ਹਨ। ਰੇਲਵੇ ਪੱਟੜੀਆਂ ’ਤੇ ਲਾਰਵਾਨਾਸ਼ਕ ਦਵਾਈ ਦਾ ਛਿੜਕਾਅ ਕਰਨ ਦਾ ਉਪਰਾਲਾ ਭਾਰਤੀ ਰੇਲਵੇ ਅਤੇ ਦਿੱਲੀ ਨਗਰ ਨਿਗਮ ਵੱਲੋਂ ਸਾਂਝੇ ਤੌਰ ’ਤੇ ਹਰ ਸਾਲ ਕੀਤਾ ਜਾਂਦਾ ਹੈ। ਦਿੱਲੀ ਰੇਲਵੇ ਸਟੇਸ਼ਨ ਦੇ ਵੀਆਈਪੀ ਪਲੈਟਫਾਰਮ ਨੰਬਰ-1 ਤੋਂ ਇਸ ਵਿਸ਼ੇਸ਼ ਰੇਲ ਨੂੰ ਹਰੀ ਝੰਡੀ ਦਿਖਾਉਂਦਿਆ ਸ਼ੈਲੀ ਉਬਰਾਏ ਨੇ ਕਿਹਾ ਕਿ ਨਗਰ ਨਿਗਮ ਕੌਮੀ ਰਾਜਧਾਨੀ ਵਿੱਚ ਡੇਂਗੂ ਅਤੇ ਮੱਛਰਾਂ ਕਾਰਨ ਹੋਣ ਵਾਲੀਆਂ ਹੋਰ ਬਿਮਾਰੀਆਂ ਦੇ ਪਾਸਾਰ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ। -ਪੀਟੀਆਈ
Advertisement
Advertisement