ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਧੁਨਿਕ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀਬਾਈ ਫੂਲੇ

11:31 AM Jan 03, 2023 IST
featuredImage featuredImage

ਅਜਾਇਬ ਸਿੰਘ ਟਿਵਾਣਾ

Advertisement

ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿਚ ਗਿਆਨ ਦੇ ਵਿਕਾਸ ਦੀ ਪ੍ਰਕਿਰਿਆ ‘ਚ ਕੁਝ ਵਿਰਲੇ ਲੋਕਾਂ ਦੇ ਹਿੱਸੇ ਆਇਆ ਹੈ ਕਿ ਉਨ੍ਹਾਂ ਨੇ ਜਾਣਕਾਰੀ ਦੇ ਨਵੇਂ ਤੱਥਾਂ ਨੂੰ ਲੋਕਾਈ ਸਾਹਮਣੇ ਰੱਖਣ ਦੀ ਹਿੰਮਤ ਜੁਟਾਈ। ਆਪਣੀ ਜਾਨ ਜੋਖ਼ਮ ‘ਚ ਪਾਈ ਜਾਂ ਫਿਰ ਆਪਣੀ ਜਾਨ ਦੀ ਕੀਮਤ ‘ਤੇ ਸਥਾਪਤੀ ਖ਼ਿਲਾਫ਼ ਬੋਲਦਿਆਂ ਗਿਆਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾ ਗਏ। ਅਜਿਹਾ ਹੀ ਇੱਕ ਨਾਂ ਹੈ ਸਵਿਤਰੀਬਾਈ ਫੂਲੇ। ਸਵਿੱਤਰੀਬਾਈ ਦਾ ਜਨਮ ਮਹਾਰਾਸ਼ਟਰ ਦੇ ਜਿ਼ਲ੍ਹਾ ਸਤਾਰਾ ਵਿਚ ਨਵਾਂ ਗਾਓਂ ਵਿਚ 3 ਜਨਵਰੀ, 1831 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਖਾਂਡੋਜੀ ਨੇਵਸ਼ੇ ਪਾਟਿਲ ਅਤੇ ਮਾਤਾ ਦਾ ਨਾਂ ਲਕਸ਼ਮੀ ਸੀ। ਮਾਪਿਆਂ ਨੇ ਸਵਿੱਤਰੀ ਦਾ ਪਾਲਣ-ਪੋਸ਼ਣ ਪੁੱਤਰਾਂ ਵਾਂਗ ਕੀਤਾ; ਅਜਿਹੇ ਪਰਿਵਾਰਿਕ ਮਾਹੌਲ ਦੇ ਸਿੱਟੇ ਵਜੋਂ ਉਸ ਅੰਦਰ ਜਨਮ ਤੋਂ ਹੀ ਨਿੱਡਰਤਾ ਅਤੇ ਆਜ਼ਾਦ ਸੋਚ ਵਾਲੇ ਗੁਣ ਪੈਦਾ ਹੋਏ। ਉਂਝ ਉਸ ਸਮੇਂ ਸਮਾਜ ਵਿਚ ਬਾਲ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ ਜਿਸ ਕਾਰਨ ਮਾਪਿਆਂ ਨੇ 9 ਸਾਲ ਦੀ ਉਮਰ ਵਿਚ ਹੀ ਉਸ ਦੀ ਸ਼ਾਦੀ ਜੋਤਬਿਾ ਫੂਲੇ (13) ਨਾਲ ਕਰ ਦਿੱਤੀ।

ਸਵਿੱਤਰੀ ਨੂੰ ਬਚਪਨ ਤੋਂ ਪੜ੍ਹਨ ਲਿਖਣ ਦਾ ਸ਼ੌਕ ਸੀ ਪਰ ਉਨ੍ਹਾਂ ਦਿਨਾਂ ਵਿਚ ਲੜਕੀਆਂ ਦੇ ਪੜ੍ਹਾਈ ‘ਤੇ ਸਮਾਜਿਕ ਤੌਰ ‘ਤੇ ਪਾਬੰਦੀ ਸੀ। ਇਸ ਲਈ ਪੇਕਾ ਪਰਿਵਾਰ ਉਸ ਨੂੰ ਸਿੱਖਿਆ ਦੇਣ ਦਾ ਸਾਹਸ ਨਾ ਕਰ ਸਕਿਆ ਪਰ ਉਸ ਦੇ ਪਤੀ ਨੇ ਉਸ ਦੀ ਇਹ ਇੱਛਾ ਪੂਰੀ ਕੀਤੀ; ਉਸ ਨੂੰ ਪੜ੍ਹਾਇਆ ਹੀ ਨਹੀਂ ਬਲਕਿ ਅਧਿਆਪਨ ਦੀ ਸਿਖਲਾਈ ਵੀ ਦਿਵਾਈ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਉਨ੍ਹਾਂ ਇੱਕ ਵਿਧਵਾ ਬ੍ਰਾਹਮਣ ਕੁੱਖੋਂ ਜਨਮੇ ਬੱਚੇ (ਸਮਾਜ ਦੀਆਂ ਨਜ਼ਰਾਂ ‘ਚ ਨਾਜਾਇਜ਼ ਔਲਾਦ) ਨੂੰ ਗੋਦ ਲਿਆ ਅਤੇ ਬੱਚੇ ਦਾ ਨਾਂ ਯਸ਼ਵੰਤ ਰੱਖਿਆ।

Advertisement

ਲੜਕੀਆਂ ਦੀ ਸਿੱਖਿਆ ਨੂੰ ਉਨ੍ਹੀਂ ਦਿਨੀਂ ਪਾਪ ਮੰਨਿਆ ਜਾਂਦਾ ਸੀ। ਲੜਕੀਆਂ ਦੀ ਸਿੱਖਿਆ ਦੀ ਗੱਲ ਕਰਨ ਵਾਲੇ ਨੂੰ ਸਮਾਜ ਵਿਰੋਧੀ ਮੰਨਿਆ ਜਾਂਦਾ ਸੀ। ਵਿਧਵਾ ਵਿਆਹ ਦੀ ਆਗਿਆ ਨਹੀਂ ਸੀ, ਸਤੀ ਪ੍ਰਥਾ ਦਾ ਬੋਲਬਾਲਾ ਸੀ, ਸ਼ੂਦਰ ਜਾਤੀ ਦੇ ਲੋਕਾਂ ਨੂੰ ਸਮਾਜ ‘ਚੋਂ ਛੇਕਿਆ ਹੋਇਆ ਸੀ। ਉਨ੍ਹਾਂ ਨੂੰ ਸਮਾਜ ਵਿਚ ਪਸ਼ੂਆਂ ਤੋਂ ਵੀ ਨੀਵਾਂ ਦਰਜਾ ਦਿੱਤਾ ਹੋਇਆ ਸੀ। ਉਹ ਅਸਲ ਵਿਚ ਗੁਲਾਮਦਾਰੀ ਯੁੱਗ ਦੇ ਗੁਲਾਮਾਂ ਵਾਂਗ ਸਨ। ਸਿੱਖਿਆ ਪ੍ਰਾਪਤੀ ਦਾ ਹੱਕ ਤਾਂ ਦੂਰ ਦੀ ਗੱਲ, ਉਹ ਤਾਂ ਕਿਸੇ ਖੂਹ ਤੋਂ ਪਾਣੀ ਵੀ ਨਹੀਂ ਪੀ ਸਕਦੇ ਸਨ। ਵੇਦਾਂ ਦੀ ਪੜ੍ਹਾਈ ਸਵਰਨ ਜਾਤੀਆਂ ਦੀ ਇਜਾਰੇਦਾਰੀ ਸੀ।

ਕੋਈ ਵਿਚਾਰ ਕਿੰਨਾ ਵੀ ਪਿਛਾਖੜੀ ਕਿਉਂ ਨਾ ਹੋਵੇ, ਜੇ ਲੋਕ ਆਪਣੀ ਇੱਛਾ ਨਾਲ ਜਾਂ ਮਜਬੂਰੀ ਵੱਸ ਉਸ ਨੂੰ ਅਪਣਾ ਲੈਣ ਤਾਂ ਉਹ ਪਦਾਰਥਕ ਸ਼ਕਤੀ ਬਣ ਜਾਂਦਾ ਹੈ। ਉਸ ਨੂੰ ਚੁਣੌਤੀ ਦੇਣਾ ਮੌਤ ਨੂੰ ਮਾਸੀ ਕਹਿਣਾ ਹੈ ਪਰ ਕੁਝ ਲੋਕ ਆਪਣੀ ਧੁਨ ਦੇ ਪੱਕੇ ਹੁੰਦੇ ਹਨ; ਉਹ ਮੌਤ ਨੂੰ ਮਖੌਲ ਕਰਨ ਦਾ ਜੇਰਾ ਰੱਖਦੇ ਹਨ। ਇਤਿਹਾਸ ਦੇ ਸਿਰਜਣ ਹਾਰੇ ਅਜਿਹੇ ਲੋਕ ਹੀ ਹੁੰਦੇ ਹਨ।

ਉਨ੍ਹਾਂ 14 ਜਨਵਰੀ, 1848 ਨੂੰ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਜਿਸ ਦੀ ਪਹਿਲੀ ਅਧਿਆਪਕਾ ਸਵਿੱਤਰੀਬਾਈ ਫੂਲੇ ਸੀ। ਇਉਂ ਉਨ੍ਹਾਂ ਨੂੰ ਆਧੁਨਿਕ ਭਾਰਤ ਦੀ ਪਹਿਲੀ ਅਧਿਆਪਕਾ ਹੋਣ ਦਾ ਮਾਣ ਪ੍ਰਾਪਤ ਹੋਇਆ। ਉਸ ਦਾ ਇਹ ਕਦਮ ਖੰਡੇ ਦੀ ਧਾਰ ‘ਤੇ ਨੱਚਣਾ ਸੀ । ਸਮਾਜ ਦਾ ਵੱਡਾ ਹਿੱਸਾ ਸਮੇਤ ਔਰਤਾਂ, ਉਸ ਦੇ ਖ਼ਿਲਾਫ਼ ਹੋ ਗਿਆ। ਜਦੋਂ ਉਹ ਸਕੂਲ ਜਾਣ ਲਈ ਘਰੋਂ ਨਿਕਲਦੀ, ਉਸ ਨੂੰ ਗਾਲ਼ਾਂ ਕੱਢੀਆਂ ਜਾਂਦੀਆਂ; ਪਾਗਲ, ਬਦਚਲਨ ਆਦਿ ਸ਼ਬਦਾਂ ਨਾਲ ਸੰਬੋਧਿਤ ਕੀਤਾ ਜਾਂਦਾ। ਇੱਟਾਂ ਵੱਟੇ ਮਾਰੇ ਜਾਂਦੇ। ਉਸ ਉੱਪਰ ਗੰਦਗੀ ਤੱਕ ਸੁੱਟੀ ਜਾਂਦੀ ਪਰ ਉਸ ਨੇ ਸਮਾਜ ਨਾਲ ਟੱਕਰ ਲੈਣ ਦਾ ਦ੍ਰਿੜ ਇਰਾਦਾ ਬਣਾ ਲਿਆ ਸੀ। ਉਹ ਆਪਣੇ ਨਾਲ ਵਾਧੂ ਸਾੜ੍ਹੀ ਲੈ ਜਾਂਦੀ। ਸਕੂਲ ਪਹੁੰਚ ਕੇ ਉਹ ਰਸਤੇ ‘ਚ ਗੰਦੀ ਹੋਈ ਸਾੜ੍ਹੀ ਉਤਾਰ ਦਿੰਦੀ ਤੇ ਦੂਜੀ ਪਹਿਨ ਲੈਂਦੀ।

ਸਮਾਜ ‘ਤੇ ਕਾਬਜ਼ ਧਰਮ ਦੇ ਠੇਕੇਦਾਰਾਂ ਨੇ ਸਵਿਤਰੀ ਦੇ ਸਹੁਰੇ ਗੋਬਿੰਦ ਰਾਓ ਫੂਲੇ ਨੂੰ ਇੰਨਾ ਡਰਾਇਆ ਧਮਕਾਇਆ ਕਿ ਉਸ ਨੇ ਆਪਣੇ ਪੁੱਤਰ ਅਤੇ ਨੂੰਹ, ਦੋਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਬੇਘਰ ਹੋ ਕੇ ਵੀ ਇਸ ਜੋੜੀ ਨੇ ਹਾਰ ਨਹੀਂ ਮੰਨੀ। ਆਪਣੇ ਮਿਸ਼ਨ ‘ਤੇ ਚੱਲਦੇ ਗਏ। ਅਜਿਹੇ ਹਾਲਾਤ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਦੋਸਤ ਉਸਮਾਨ ਸ਼ੇਖ ਅਤੇ ਉਸ ਦੀ ਭੈਣ ਫਾਤਿਮਾ ਸ਼ੇਖ ਨੇ ਆਸਰਾ ਦਿੱਤਾ; ਸਕੂਲ ਲਈ ਜਗ੍ਹਾ ਵੀ ਦਿੱਤੀ। 1852 ਨੂੰ ਬ੍ਰਿਟਿਸ਼ ਸਰਕਾਰ ਨੇ ਫੂਲੇ ਜੋੜੀ ਨੂੰ ਵਿਦਿਆਕ ਖੇਤਰ ਵਿਚ ਉੱਤਮ ਕਾਰਜ ਲਈ ਸਨਮਾਨਿਤ ਕੀਤਾ ਅਤੇ ਸਵਿੱਤਰੀ ਬਾਈ ਨੂੰ ਸਰਵਸ੍ਰੇਸ਼ਟ ਅਧਿਆਪਕਾ ਦਾ ਨਾਮ ਦਿੱਤਾ। ਬੰਬੇ ਗਾਰਡੀਅਨ, ਪੂਨਾ ਅਬਜ਼ਰਬਰ, ਗਿਆਨ ਪ੍ਰਕਾਸ਼ ਵਰਗੇ ਸਮਕਾਲੀ ਅਖ਼ਬਾਰਾਂ ਨੇ ਸਵਿੱਤਰੀਬਾਈ ਦੇ ਕੰਮਾਂ ਦੀ ਖੁੱਲ੍ਹੇਆਮ ਸ਼ਲਾਘਾ ਕੀਤੀ। ਮੁਢਲੀ ਸਫਲਤਾ ਤੋਂ ਬਾਅਦ ਫਿਰ ਉਨ੍ਹਾਂ ਰੁਕਣ ਦਾ ਨਾਂ ਨਹੀਂ ਲਿਆ। 1852 ਤੱਕ ਪਹੁੰਚਦੇ ਪਹੁੰਚਦੇ ਉਨ੍ਹਾਂ ਦੇ ਖੋਲ੍ਹੇ ਅਜਿਹੇ ਸਕੂਲਾਂ ਦੀ ਗਿਣਤੀ 16 ਹੋ ਗਈ।

ਉਨ੍ਹਾਂ ਦੂਸਰੀਆਂ ਸਮਾਜਿਕ ਅਲਾਮਤਾਂ ਨਾਲ ਵੀ ਦਸਤ-ਪੰਜਾ ਲਿਆ। ਉਨ੍ਹਾਂ ਆਪਣੇ ਘਰ ਦਾ ਖੂਹ ਸਭ ਜਾਤੀਆਂ ਦੇ ਲੋਕਾਂ ਦੀ ਵਰਤੋਂ ਲਈ ਖੋਲ੍ਹ ਕੇ ਛੂਤ-ਛਾਤ ਦੀ ਪ੍ਰਥਾ ਨੂੰ ਸਿੱਧੀ ਚੁਣੌਤੀ ਦਿੱਤੀ। ਜੋਤੀਬਾ ਫੂਲੇ ਨੇ ਐਲਾਨ ਕੀਤਾ ਕਿ ਜੋ ਧਰਮ ਮਨੁੱਖ ਨੂੰ ਮਨੁੱਖ ਨਾ ਮੰਨ ਕੇ ਭੇਦ-ਭਾਵ ਕਰਦਾ ਹੈ, ਉਸ ਨੂੰ ਡਰਾਉਂਦਾ ਹੈ, ਮੈਂ ਉਸ ਧਰਮ ਨੂੰ ਨਹੀਂ ਮੰਨਦਾ। ਇਸਤਰੀਆਂ ਦੀਆਂ ਮੀਟਿੰਗਾਂ ਕਰਵਾ ਕੇ ਵਿਧਵਾਵਾਂ ਨੂੰ ਪੁਨਰ ਵਿਆਹ ਲਈ ਜਾਗਰਤ ਕੀਤਾ। ਪ੍ਰਚਲਿਤ ਵਿਵਸਥਾ ਦੀ ਰੂੜੀਵਾਦੀ ਸੋਚ ਨੂੰ ਚੁਣੌਤੀ ਦਿੰਦਿਆਂ ਵਿਗਿਆਨਕ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਨ ਲਈ 24 ਸਤੰਬਰ, 1874 ਨੂੰ ਸੱਤਿਆ ਸੋਧਕ ਸਮਾਜ ਦੀ ਨੀਂਹ ਰੱਖੀ। ਲੋਕਾਂ ਨੂੰ ਧਾਰਮਿਕ ਅਤੇ ਮਾਨਸਿਕ ਗੁਲਾਮੀ ਤੋਂ ਮੁਕਤ ਕਰਾਉਣਾ, ਮਹਿਲਾਵਾਂ ਨੂੰ ਸਿੱਖਿਆ ਦੇਣਾ ਅਤੇ ਉਨ੍ਹਾਂ ਦੇ ਮਾਨਵੀ ਅਧਿਕਾਰਾਂ ਦੀ ਰੱਖਿਆ ਕਰਨਾ, ਛੂਤ-ਛਾਤ ਖ਼ਤਮ ਕਰਨਾ ਇਸ ਸੰਸਥਾ ਦੇ ਮੁੱਖ ਉਦੇਸ਼ਾਂ ਵਿਚ ਸ਼ਾਮਲ ਹੈ। ਉਨ੍ਹਾਂ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਬਹੁਤ ਸਾਰੀਆਂ ਕਿਤਾਬਾਂ ਅਤੇ ਦਸਤਾਵੇਜ਼ ਲਿਖੇ।

1897 ਵਿਚ ਮਹਾਰਾਸ਼ਟਰ ‘ਚ ਫੈਲੀ ਪਲੇਗ ਦੌਰਾਨ ਸਵਿੱਤਰੀਬਾਈ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਰੋਗੀਆਂ ਦੀ ਸਹਾਇਤਾ ਲਈ ਦਿਨ ਰਾਤ ਇੱਕ ਕਰ ਦਿੱਤੇ। ਉਹ ਰੋਗੀਆਂ ਨੂੰ ਆਪਣੇ ਪੁੱਤਰ ਡਾ. ਯਸ਼ਵੰਤ ਦੇ ਹਸਪਤਾਲ ਪਹੁੰਚਾਉਂਦੇ; ਹਰ ਤਰ੍ਹਾਂ ਨਾਲ ਉਨ੍ਹਾਂ ਦੀਆਂ ਦਵਾਈਆਂ ਤੇ ਖਾਣੇ ਬਗੈਰਾ ਦਾ ਪ੍ਰਬੰਧ ਕਰਦੀ। ਇੱਕ ਦਿਨ ਉਹ ਪਲੇਗ ਤੋਂ ਪੀੜਤ ਬੱਚੇ ਨੂੰ ਆਪਣੇ ਕੰਧਾੜੇ ਚੁੱਕ ਕੇ ਹਸਪਤਾਲ ਲੈ ਕੇ ਆਏ। ਇਸੇ ਦੌਰਾਨ ਉਹ ਖ਼ੁਦ ਇਸ ਨਾਮੁਰਾਦ ਬਿਮਾਰੀ ਦੀ ਲਪੇਟ ਵਿਚ ਆ ਗਏ ਅਤੇ 10 ਮਾਰਚ, 1897 ਨੂੰ ਇਹ ਵੀਰਾਂਗਣਾ ਸਦਾ ਦੀ ਨੀਂਦ ਸੌਂ ਗਈ। ਜਿੱਥੇ ਪੂਨੇ ਅਤੇ ਨਵਾਂ ਗਾਓਂ ਵਿਚ ਉਨ੍ਹਾਂ ਦੀ ਯਾਦ ਵਿਚ ਸਮਾਰਕ ਬਣਾਏ ਗਏ, ਉੱਥੇ ਪੰਜਾਬ ਵਿਚ ਵੀ 7 ਅਪਰੈਲ 2019 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸੱਦਾ ਸਿੰਘ ਵਾਲਾ ਦੇ ਸਮੂਹ ਸਟਾਫ ਨੇ ਸਕੂਲ ਵਿਚ ਸਵਿੱਤਰੀਬਾਈ ਫੂਲੇ ਦਾ ਬੁੱਤ ਲਾਇਆ। ਇੱਥੇ ਹਰ ਸਾਲ ਵਾਂਗ ਇਸ ਸਾਲ ਵੀ 3 ਜਨਵਰੀ ਨੂੰ ਉਨ੍ਹਾਂ ਦੀ ਯਾਦ ਨੂੰ ਸਮਰਪਿਤ ‘ਪੰਜਵੀਂ ਸਾਲਾਨਾ ਵਿਆਧੁਨਿਕ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀਬਾਈ ਫੂਲੇਚਾਰ ਚਰਚਾ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਸੰਪਰਕ: 78887-38476

Advertisement