ਕਿਸਾਨਾਂ ਲਈ ਮਈ ਦਾ ਦੂਜਾ ਪੰਦਰਵਾੜਾ

ਮੱਕੀ ਲਈ ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰਨੀ ਚਾਹੀਦੀ ਹੈ। ਜ਼ਮੀਨ ਤਿਆਰ ਕਰਦੇ ਸਮੇਂ ਰੂੜੀ ਵਾਲੀ ਖਾਦ ਜ਼ਰੂਰ ਪਾਵੋ। ਕਣਕ ਦੀ ਵਾਢੀ ਪਿੱਛੋਂ ਸਬਜ਼-ਖਾਦ ਬੀਜੀ ਗਈ ਹੋਵੇ ਤਾਂ ਹੋਰ ਵੀ ਚੰਗਾ ਹੈ। ਦੂਜੀਆਂ ਖਾਦਾਂ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਪਾਵੋ। ਇਕ ਏਕੜ ਦੀ ਬਿਜਾਈ ਲਈ 8 ਕਿਲੋ ਬੀਜ ਵਰਤੋ। ਮੱਕੀ ਲਈ ਜੀਵਾਣੂ ਖਾਦ ਦੀ ਵਰਤੋਂ ਕਰੋ। ਅੱਧਾ ਕਿਲੋ ਕਨਸ਼ੋਰਸ਼ੀਅਮ ਦੇ ਪੈਕਟ ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਬੀਜ ਨੂੰ ਲਗਾਵੋ। ਬੀਜ ਨੂੰ ਛਾਵੇਂ ਰਲਾ ਕੇ ਬੀਜ ਦੇਵੋ।
ਗਰਮੀ ਵਿਚ ਵਾਧਾ ਹੋ ਰਿਹਾ ਹੈ। ਇਸ ਕਰ ਕੇ ਖੜ੍ਹੀਆਂ ਫ਼ਸਲਾਂ ਜਿਵੇਂ ਗੰਨਾ, ਚਾਰਾ ਤੇ ਦੂਜੀਆਂ ਫ਼ਸਲਾਂ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ। ਸਬਜ਼ੀਆਂ ਅਤੇ ਫ਼ਲਾਂ ਦੇ ਬੂਟਿਆਂ ਦਾ ਤਾਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਨਰਮੇ ਅਤੇ ਕਪਾਹ ਦੀ ਬਿਜਾਈ ਦਾ ਸਮਾਂ ਖ਼ਤਮ ਹੋ ਗਿਆ ਹੈ। ਜੇ ਅਜੇ ਬਿਜਾਈ ਰਹਿੰਦੀ ਹੈ ਤਾਂ ਹੋਰ ਦੇਰ ਨਹੀਂ ਕਰਨੀ ਚਾਹੀਦੀ।
ਕਮਾਦ ਵਿਚ ਨਦੀਨ ਨਾ ਹੋਣ ਦੇਵੋ। ਸਮੇਂ ਸਿਰ ਪਾਣੀ ਲਗਾਵੋ। ਬੂਟਿਆਂ ਦੀਆਂ ਲਾਈਨਾਂ ਵਿਚਕਾਰ ਝੋਨੇ ਦੀ ਪਰਾਲੀ, ਝੋਨੇ ਦੀ ਫਕ ਜਾਂ ਕਣਕ ਦਾ ਨਾੜ ਖਿਲਾਰ ਦੇਵੋ। ਇਸ ਨਾਲ ਪਾਣੀ ਦੀ ਬਚਤ ਹੋਵੇਗੀ ਅਤੇ ਨਦੀਨਾਂ ਦੀ ਰੋਕਥਾਮ ਹੋ ਸਕੇਗੀ। ਜੇ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੇ ਦੱਸੇ ਅਨੁਸਾਰ ਜ਼ਹਿਰਾਂ ਦੀ ਵਰਤੋਂ ਕਰੋ। ਲਸਣ ਅਤੇ ਪਿਆਜ਼ ਦੀ ਪੁਟਾਈ ਜੇ ਨਹੀਂ ਕੀਤੀ ਤਾਂ ਕਰ ਲਵੋ। ਲਸਣ ਨੂੰ ਬਿਨਾਂ ਭੂਕਾਂ ਕੱਟਿਆਂ ਛੋਟੀਆਂ ਪੂਲੀਆਂ ਬਣਾ ਕੇ ਸੁੱਕੀ ਥਾਂ ਭੰਡਾਰ ਕਰੋ। ਪਿਆਜ਼ ਦੀਆਂ 2-3 ਸੈਂਟੀਮੀਟਰ ਭੂਕਾਂ ਰੱਖ ਕੇ ਬਾਕੀ ਕੱਟ ਦੇਵੋ। ਅੱਜ ਕੱਲ੍ਹ ਟਮਾਟਰ ਬਹੁਤ ਸਸਤੇ ਹੋ ਜਾਂਦੇ ਹਨ ਇਨ੍ਹਾਂ ਦੀ ਚਟਨੀ ਜਾਂ ਸਾਸ ਬਣਾਇਆ ਜਾ ਸਕਦਾ ਹੈ।
ਮਨੁੱਖਾਂ ਵਾਂਗ ਡੰਗਰ ਵੀ ਗਰਮੀ ਤੋਂ ਘਬਰਾਉਂਦੇ ਹਨ। ਦੋਗਲੀਆਂ ਗਊਆਂ ਤਾਂ ਮੱਝਾਂ ਨਾਲੋਂ ਵੀ ਵਧ ਗਰਮੀ ਨੂੰ ਮੰਨਦੀਆਂ ਹਨ, ਜੇ ਇਨ੍ਹਾਂ ਨੂੰ ਗਰਮੀ ਤੋਂ ਨਾ ਬਚਾਇਆ ਜਾਵੇ ਤਾਂ ਕੇਵਲ ਦੁੱਧ ਹੀ ਨਹੀਂ ਘਟ ਜਾਂਦਾ ਸਗੋਂ ਇਹ ਬਿਮਾਰ ਵੀ ਹੋ ਜਾਂਦੀਆਂ ਹਨ। ਡੰਗਰਾਂ ਦਾ ਧਿਆਨ ਇਨਸਾਨਾਂ ਤੋਂ ਵੀ ਵੱਧ ਰੱਖਣਾ ਚਾਹੀਦਾ ਹੈ:
-ਧੁੱਪ ਹੁੰਦਿਆਂ ਹੀ ਡੰਗਰਾਂ ਨੂੰ ਸੰਘਣੀ ਛਾਂ ਵਾਲੇ ਰੁੱਖ ਹੇਠ ਬੰਨ੍ਹਿਆ ਜਾਵੇ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਹਵਾਦਾਰ ਸ਼ੈੱਡ ਵਿੱਚ ਰੱਖਿਆ ਜਾਵੇ। ਸ਼ੈੱਡ ਵਿਚ ਪੱਖੇ ਲਗਾਏ ਜਾਣ। ਹੋ ਸਕੇ ਤਾਂ ਕੂਲਰ ਵੀ ਲਗਾਏ ਜਾਣ। ਸ਼ੈੱਡ ਦੇ ਚੌਗਿਰਦੇ ਖੱਸ ਦੀਆਂ ਸਫ਼ਾਂ ਗਿੱਲੀਆਂ ਕਰ ਕੇ ਟੰਗੀਆਂ ਜਾਣ।
-ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਡੰਗਰਾਂ ਨੂੰ ਤਾਜ਼ਾ ਪਾਣੀ ਪਿਲਾਇਆ ਜਾਵੇ।
-ਇਸ ਮਹੀਨੇ ਪਸ਼ੂਆਂ ਨੂੰ ਦਿਨ ਵਿਚ ਦੋ ਵਾਰ ਨੁਹਾਇਆ ਜਾਵੇ। ਕਈ ਪਸ਼ੂ ਪਾਲਕਾਂ ਨੇ ਫ਼ੁਆਰੇ ਲਗਾਏ ਹੋਏ ਹਨ ਜਿਨ੍ਹਾਂ ਨਾਲ ਡੰਗਰਾਂ ਨੂੰ ਨੁਹਾਇਆ ਜਾਂਦਾ ਹੈ। ਦੋਗਲੀਆਂ ਗਊਆਂ ਲਈ ਇਹ ਬਹੁਤ ਜ਼ਰੂਰੀ ਹੈ।
ਗਰਮੀਆਂ ਵਿਚ ਆਮ ਕਰ ਕੇ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਗਰਮੀ ਦੇ ਨਾਲੋ-ਨਾਲ ਹਰੇ ਚਾਰੇ ਦੀ ਘਾਟ ਵੀ ਇਸ ਦਾ ਕਾਰਨ ਬਣਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਸ਼ੂ ਨੂੰ ਰੋਜ਼ਾਨਾ 40 ਕਿਲੋ ਹਰਾ ਚਾਰਾ ਚਾਹੀਦਾ ਹੈ। ਪੰਜਾਬ ਵਿਚ ਲਗਭਗ ਸਾਰੀ ਧਰਤੀ ਹੀ ਸੇਂਜੂ ਹੈ। ਇਸ ਕਰ ਕੇ ਇੱਥੇ ਸਾਰਾ ਸਾਲ ਹਰਾ ਚਾਰਾ ਪੈਦਾ ਕੀਤਾ ਜਾ ਸਕਦਾ ਹੈ। ਸਾਨੂੰ ਇਹ ਪੱਕ ਕਰ ਲੈਣਾ ਚਾਹੀਦਾ ਹੈ ਕਿ ਚਾਰੇ ਦੀ ਬਿਜਾਈ ਦੀ ਅਜਿਹੀ ਸਕੀਮ ਬਣਾਈ ਜਾਵੇ ਤਾਂ ਜੋ ਲੋੜ ਅਨੁਸਾਰ ਹਰਾ ਚਾਰਾ ਮਿਲਦਾ ਰਹੇ। ਗਰਮੀਆਂ ਵਿਚ ਮੱਕੀ, ਬਾਜਰਾ ਤੇ ਚਰ੍ਹੀ ਮੁੱਖ ਚਾਰੇ ਹਨ; ਜੇ ਇਨ੍ਹਾਂ ਵਿਚ ਰਵਾਂਹ ਰਲਾ ਕੇ ਬੀਜ ਦਿੱਤੇ ਜਾਣ ਤਾਂ ਚਾਰਾ ਹੋਰ ਵੀ ਪੌਸ਼ਟਿਕ ਹੋ ਜਾਂਦਾ ਹੈ। ਰਵਾਂਹ ਉਂਝ ਵੀ ਧਰਤੀ ਦੀ ਸਿਹਤ ਨੂੰ ਠੀਕ ਕਰਦੇ ਹਨ। ਇਨ੍ਹਾਂ ਦੀਆਂ ਫ਼ਲੀਆਂ ਨੂੰ ਸਬਜ਼ੀ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪਸ਼ੂ ਨੂੰ ਲੋੜੀਂਦੀ ਖੁਰਾਕ ਵੀ ਚਾਹੀਦੀ ਹੈ। ਇਸ ਵਿੱਚ ਮਿਨਰਲ ਮਿਕਸਚਰ ਅਤੇ ਆਇਉਡੀਨ ਵਾਲਾ ਲੂਣ ਵੀ ਹੋਣਾ ਚਾਹੀਦਾ ਹੈ। ਪਸ਼ੂ ਖੁਰਾਕ ਜਿਸ ਨੂੰ ਵੰਡਾ ਵੀ ਆਖਿਆ ਜਾਂਦਾ ਹੈ, ਰੋਜ਼ਾਨਾ ਤਿੰਨ ਕੁ ਕਿਲੋ ਜ਼ਰੂਰ ਪਾਣੀ ਚਾਹੀਦੀ ਹੈ। ਚੰਗੀਆਂ ਕੰਪਨੀਆਂ ਵਾਲੀ ਸੰਪੂਰਣ ਪਸ਼ੂ ਖੁਰਾਕ ਵਰਤੀ ਜਾਵੇ। ਆਮ ਆਖਿਆ ਜਾਂਦਾ ਹੈ ਕਿ ਪੌਸ਼ਟਿਕ ਆਹਾਰ ਬਿਹਤਰ ਆਹਾਰ ਹੈ। ਖ਼ੁਰਾਕ ਵਧੀਆ ਹੋਵੇ ਤਾਂ ਡੰਗਰ ਸਿਹਤਮੰਦ ਰਹਿੰਦੇ ਹਨ, ਦੁੱਧ ਅਤੇ ਚਿਕਨਾਈ ਵਿਚ ਵਾਧਾ ਹੁੰਦਾ ਹੈ।
ਪੰਜਾਬ ਦੀ ਧਰਤੀ ’ਤੇ ਬਾਸਮਤੀ ਦੀ ਕਾਸ਼ਤ ਸਫਲਤਾ ਨਾਲ ਕੀਤੀ ਜਾ ਸਕਦੀ ਹੈ। ਬਾਸਮਤੀ ਦੀ ਲੁਆਈ ਕਦੇ ਵੀ ਅਗੇਤੀ ਨਹੀਂ ਕਰਨੀ ਚਾਹੀਦੀ। ਘੱਟ ਸਮਾਂ ਲੈਣ ਵਾਲੀਆਂ ਕਿਸਮ ਪੂਸਾ ਬਾਸਮਤੀ-1509, ਸੀਐੱੱਸਆਰ-30 ਦੀ ਲੁਆਈ 15 ਜੁਲਾਈ ਪਿਛੋਂ ਹੀ ਕਰਨੀ ਚਾਹੀਦੀ ਹੈ। ਪੰਜਾਬ ਬਾਸਮਤੀ-7, ਪੰਜਾਬ ਬਾਸਮਤੀ-5, ਪੂਸਾ ਬਾਸਮਤੀ-1121 ਤੇ 1637 ਦੀ ਲੁਆਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾ ਸਕਦੀ ਹੈ। ਬਾਸਮਤੀ ਦੀ ਲੁਆਈ ਕਦੇ ਵੀ ਜੂਨ ਵਿਚ ਨਾ ਕੀਤੀ ਜਾਵੇ, ਇਸ ਨਾਲ ਉਸ ਵਿਚ ਬਾਸਮਤੀ ਵਾਲੇ ਗੁਣ ਨਹੀਂ ਬਣਦੇ ਤੇ ਮੰਡੀ ਵਿੱਚ ਵਿਕਰੀ ਔਖੀ ਹੋ ਜਾਂਦੀ ਹੈ। ਬਾਸਮਤੀ ਦੀ ਵੀ ਬਹੁਤੀ ਲੁਆਈ ਪਨੀਰੀ ਰਾਹੀਂ ਹੁੰਦੀ ਹੈ। ਪਨੀਰੀ ਬੀਜਣ ਦਾ ਢੁਕਵਾਂ ਸਮਾਂ ਜੂਨ ਦਾ ਮਹੀਨਾ ਹੈ। ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ-7, ਪੂਜਾ ਬਾਸਮਤੀ-1121 ਤੇ 1847 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਬੀਜੀ ਜਾਵੇ। ਝੋਨੇ ਵਾਂਗ ਬਾਸਮਤੀ ਦਾ ਵੀ ਅੱਠ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਇਸ ਬੀਜ ਨੂੰ ਝੋਨੇ ਵਾਂਗ ਹੀ ਸੋਧ ਕੇ ਉਸੇ ਤਰ੍ਹਾਂ ਪਨੀਰੀ ਦੀ ਬਿਜਾਈ ਕੀਤੀ ਜਾਵੇ। ਸਾਰੇ ਰਕਬੇ ਵਿਚ ਇਕ ਕਿਸਮ ਨਾ ਲਗਾਵੋ। ਕੁਝ ਰਕਬੇ ਵਿਚ ਅਗੇਤੀਆਂ ਤੇ ਕੁਝ ਵਿਚ ਪਿਛੇਤੀਆਂ ਕਿਸਮਾਂ ਲਗਾਈਆਂ ਜਾਣ। ਪੂਸਾ ਬਾਸਮਤੀ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਹੈ ਤੇ ਇਹ 99 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਬਾਸਮਤੀ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਤੇ ਇਹ 101 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।
ਸੋਇਆਬੀਨ ਦੀ ਕਾਸ਼ਤ ਪੰਜਾਬ ਵਿਚ ਬਹੁਤ ਪ੍ਰਚਲਤ ਨਹੀਂ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਚੰਗੇ ਜਲ ਨਿਕਾਸ ਵਾਲੀ ਜਾਂ ਉਪਜਾਊ ਖੇਤਾਂ ਵਿੱਚ ਇਸ ਦੀ ਕਾਸ਼ਤ ਸਫਲਤਾ ਨਾਲ ਕੀਤੀ ਜਾ ਸਕਦੀ ਹੈ। ਫ਼ਸਲ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਇਸ ਦੀ ਬਿਜਾਈ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕਰ ਦਿੱਤੀ ਜਾਵੇ। ਪੰਜਾਬ ਵਿਚ ਕਾਸ਼ਤ ਲਈ ਐੱਸਐੱਲ-958, ਐੱਸਐੱਲ-744 ਅਤੇ ਐੱਸਐੱਲ-525 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਖੇਤ ਤਿਆਰ ਕਰ ਕੇ ਚੰਗੇ ਵਤਰ ਵਿਚ ਬਿਜਾਈ ਕੀਤੀ ਜਾਵੇ। ਇਕ ਏਕੜ ਲਈ 30 ਕਿਲੋ ਬੀਜ ਦੀ ਲੋੜ ਹੈ। ਬੀਜ ਬੀਜਣ ਤੋਂ ਪਹਿਲਾਂ ਬਰੈਡੀਰਾਈਜੋਬੀਅਮ ਦਾ ਟੀਕਾ ਲਗਾਇਆ ਜਾਵੇ। ਸੋਇਆਬੀਨ ਨੂੰ ਮੱਕੀ ਵਿੱਚ ਵੀ ਬੀਜਿਆ ਜਾ ਸਕਦਾ ਹੈ। ਮੱਕੀ ਦੀਆਂ ਦੋ ਲਾਈਨਾਂ ਵਿਚਕਾਰ ਇਕ ਲਾਈਨ ਸੋਇਆਬੀਨ ਦੀ ਬੀਜੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਕਰੋ। ਬਿਜਾਈ ਪਿਛੋਂ ਜੇ ਬੀਜੀਆਂ ਲਾਈਨਾਂ ਉੱਤੇ ਪਰਾਲੀ ਜਾਂ ਕਣਕ ਦਾ ਨਾੜ ਪਾ ਦਿੱਤਾ ਜਾਵੇ ਤਾਂ ਵੱਤਰ ਸਾਂਭੀ ਜਾਂਦੀ ਹੈ। ਬਿਜਾਈ ਸਮੇਂ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਇਆ ਜਾਵੇ। ਜੇ ਪਹਿਲੀ ਫ਼ਸਲ ਕਣਕ ਨੂੰ ਪੂਰੀ ਸੁਪਰਫਾਸਫੇਟ ਪਾਈ ਗਈ ਹੈ ਤਾਂ ਇਹ ਮਾਤਰਾ 150 ਕਿਲੋ ਕਰ ਦੇਣੀ ਚਾਹੀਦੀ ਹੈ। ਫ਼ਸਲ ਕੋਈ 140 ਦਿਨਾਂ ਵਿਚ ਪੱਕ ਜਾਂਦੀ ਹੈ।
ਅਰਹਰ ਦੀ ਦਾਲ ਭਾਵੇਂ ਪੰਜਾਬੀਆਂ ਵਿੱਚ ਬਹੁਤੀ ਪ੍ਰਚੱਲਤ ਨਹੀਂ ਹੈ ਪਰ ਇਸ ਕਾਸ਼ਤ ਵੀ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ। ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ। ਏਐੱਲ-882 ਅਤੇ ਪੀਏਯੂ-881 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇੱਕ ਏਕੜ ਲਈ ਛੇ ਕਿਲੋ ਬੀਜ ਵਰਤੋ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਟੀਕਾ ਜ਼ਰੂਰ ਲਗਾਵੋ। ਇਕ ਏਕੜ ਵਿੱਚੋਂ ਪੰਜ ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ।
ਸੰਪਰਕ: 94170-87328