ਅਮਰੀਕਾ ’ਚ ਵਾਪਰੇ ਸੜਕ ਹਾਦਸੇ ’ਚ ਸਾਰਸਾ ਵਾਸੀ ਹਲਾਕ
ਸਤਪਾਲ ਰਾਮਗੜ੍ਹੀਆ
ਪਿਹੋਵਾ, 15 ਮਾਰਚ
ਅਮਰੀਕਾ ਦੇ ਐਰੀਜ਼ੋਨਾ ਸੂਬੇ ’ਚ ਵਾਪਰੇ ਸੜਕ ਹਾਦਸੇ ’ਚ ਪਿੰਡ ਸਾਰਸਾ ਦੇ ਬਿਕਰਮ ਉਰਫ ਬਿੱਕੂ (46) ਦੀ ਮੌਤ ਹੋ ਗਈ। ਇਹ ਹਾਦਸਾ ਹੋਲੀ ਵਾਲੇ ਦਿਨ ਬਾਅਦ ਦੁਪਹਿਰ ਤਿੰਨ ਵਜੇ ਹੋਇਆ। ਬਿੱਕੂ ਭਾਜਪਾ ਆਗੂ ਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਐਡਵੋਕੇਟ ਗੁਰਨਾਮ ਸਿੰਘ ਮਲਿਕ ਦਾ ਛੋਟਾ ਭਰਾ ਸੀ। ਜਾਣਕਾਰੀ ਅਨੁਸਾਰ ਬਿੱਕੂ ਆਪਣਾ ਟਰਾਲਾ ਲੋਡ ਕਰਨ ਤੋਂ ਬਾਅਦ ਜਾ ਰਿਹਾ ਸੀ। ਰਸਤੇ ’ਚ ਇੱਕ ਹੋਰ ਤੇਜ਼ ਰਫ਼ਤਾਰ ਟਰੱਕ ਨੇ ਉਸ ਦੇ ਟਰਾਲੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਭਗਤਾ ਭਾਈ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ
ਭਗਤਾ ਭਾਈ (ਪੱਤਰ ਪ੍ਰੇਰਕ): ਇਸ ਕਸਬੇ ਦੇ ਕੈਨੇਡਾ ਰਹਿੰਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਮਲਦੀਪ ਸਿੰਘ (28) ਪੁੱਤਰ ਸੁਖਮੰਦਰ ਸਿੰਘ ਟਿੰਕੂ ਟੇਲਰ ਵਾਸੀ ਭਗਤਾ ਭਾਈ ਦਾ ਸਾਲ 2018 ਵਿੱਚ ਜਸਪ੍ਰੀਤ ਕੌਰ ਵਾਸੀ ਬਰਨਾਲਾ ਵਿਆਹ ਹੋਇਆ ਸੀ। ਇਸ ਤੋਂ ਬਾਅਦ ਉਹ ਸਾਲ 2019 ਵਿੱਚ ਰੋਜ਼ੀ ਰੋਟੀ ਲਈ ਕੈਨੇਡਾ ਚਲਾ ਗਿਆ ਸੀ। ਇਸ ਮੌਕੇ ਕਮਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿ ਰਹੇ ਸਨ, ਜਿੱਥੇ ਕਮਲਦੀਪ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।